ਤ੍ਰਿਚੂਰ (ਕੇਰਲ)  ਭਾਰਤ ਦੇ 16 ਸਾਲਾ ਨਿਹਾਲ ਸਰੀਨ ਨੇ ਚੈੱਸ ਡਾਟ ਕਾਮ ਸਪੀਡ ਚੈੱਸ ਆਨਲਾਈਨ ਸ਼ਤਰੰਜ ਦੇ ਪ੍ਰੀ-ਕੁਆਰਟਰਫਾਈਨਲ ‘ਚ ਵਿਸ਼ਵ ਨੰਬਰ-4 ਫਰਾਂਸ ਦੇ 30 ਸਾਲਾ ਗ੍ਰੈਂਡ ਮਾਸਟਰ ਮਕਸੀਮ ਲਾਗ੍ਰੇਵ ਨੂੰ ਜ਼ੋਰਦਾਰ ਟੱਕਰ ਦਿੱਤੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਕਸੀਮ ਦਾ ਹੁਣ ਮੁਕਾਬਲਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਅਤੇ ਇਰਾਨ ਦੇ ਪਰਹਮ ਮਘਸੂਦਲੂ ਦੇ ਜੇਤੂ ਨਾਲ ਹੋਵੇਗਾ। ਨਿਹਾਲ ਅਤੇ ਮਕਸੀਮ ਵਿਚਾਲੇ ਕੁੱਲ 28 ਮੁਕਾਬਲੇ ਖੇਡੇ ਗਏ ਜੋ 3 ਅਲੱਗ-ਅਲੱਗ ਫਾਰਮੈੱਟ ‘ਚ ਖੇਡਿਆ ਗਿਆ ਅਤੇ ਮਕਸੀਮ ਨੇ 16.5-11.5 ਨਾਲ ਮੁਕਾਬਲਾ ਜਿੱਤਿਆ।
ਸਭ ਤੋਂ ਪਹਿਲਾਂ ਦੋਵਾਂ ਦੇ ਵਿਚ 5 ਮਿੰਟ ਦੇ 9 ਮੁਕਾਬਲੇ ਹੋਏ, ਜਿਸ ‘ਚ ਨਿਹਾਲ ਨੇ ਪਹਿਲਾਂ ਹੀ ਮੈਚ ਜਿੱਤਿਆ ਤੇ ਉਸਤੋਂ ਬਾਅਦ ਸਕਸੀਮ ਨੇ ਸਾਵਧਾਨੀ ਨਾਲ ਖੇਡਿਆ ਤੇ ਕਿਸੇ ਤਰ੍ਹਾ 6-3 ਦੀ ਬੜ੍ਹਤ ਕਾਇਮ ਕਰ ਲਈ। ਇਸ ਤੋਂ ਬਾਅਦ 3 ਮਿੰਟ ਦੇ 9 ਮੁਕਾਬਲੇ ਖੇਡੇ ਗਏ, ਜਿਸ ‘ਚ ਸਕੋਰ 5-4 ਤੋਂ ਫਿਰ ਮਕਸੀਮ ਦੇ ਪੱਖ ‘ਚ ਗਿਆ ਤੇ ਕੁੱਲ ਸਕੋਰ 11-7 ਹੋ ਗਿਆ ਤੇ ਇਸ ਤੋਂ ਬਾਅਦ ਸੀ ਬਾਰੀ 1 ਮਿੰਟ ਦੇ 10 ਧਮਾਕੇਦਾਰ ਮੁਕਾਬਲੇ ਦੀ, ਜਿਸ ‘ਚ ਵੀ ਮਕਸੀਮ ਨੇ ਲੈਅ ਕਾਇਮ ਰੱਖੀ ਅਤੇ 5.5 ਅੰਕ ਬਣਾਏ, ਜਦਕਿ ਨਿਹਾਲ ਦੇ ਖਾਤੇ 4.5 ਅੰਕ ਆਏ ਤੇ ਫਾਈਨਲ ਸਕੋਰ 16.5-11.5 ਰਿਹਾ।