ਨਵੀਂ ਦਿੱਲੀ, 1 ਅਗਸਤ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤੇ ਚਾਰ ਕਾਂਗਰਸੀ ਮੈਂਬਰਾਂ ਦੀ ਮੁਅੱਤਲੀ ਦਾ ਫੈਸਲਾ ਵਾਪਸ ਲੈ ਲਿਆ ਹੈ। ਵਿਰੋਧੀ ਧਿਰਾਂ ਨੇ ਸਪੀਕਰ ਨੂੰ ਯਕੀਨ ਦਿਵਾਇਆ ਕਿ ਮੈਂਬਰ ਸਦਨ ਵਿੱਚ ਤਖ਼ਤੀਆਂ ਨਹੀਂ ਲਿਆਉਣਗੇ, ਜਿਸ ਮਗਰੋਂ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ। ਬਿਰਲਾ ਨੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਦਨ ਦੀ ਕਾਰਵਾਈ ਨਾਲ ਜੁੜੇ ਨੇਮਾਂ, ਜੋ ਮੈਂਬਰਾਂ ਨੂੰ ਸਦਨ ਵਿੱਚ ਤਖ਼ਤੀਆਂ ਵਿਖਾਉਣ ਤੋਂ ਰੋਕਦੇ ਹਨ, ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ। ਚਾਰ ਕਾਂਗਰਸੀ ਮੈਂਬਰਾਂ-ਮਨੀਕਮ ਟੈਗੋਰ, ਰਾਮਿਆ ਹਰੀਦਾਸ, ਟੀ.ਐੱਨ.ਪ੍ਰਤਾਪਨ ਤੇ ਐੱਸ.ਜੋਤੀਮਣੀ ਨੂੰ ਪਿਛਲੇ ਸੋਮਵਾਰ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਐਨ ਵਿਚਾਲੇ ਆ ਕੇ ਤਖਤੀਆਂ ਵਿਖਾਉਂਦਿਆਂ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿੱਚ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਮੌਨਸੂਨ ਇਜਲਾਸ 18 ਜਲਾਈ ਤੋਂ ਸ਼ੁਰੂ ਹੋਇਆ ਸੀ।