ਚੰਡੀਗੜ੍ਹ : ਤਰਨਤਾਰਨ ਵਿਧਾਨ ਸਭਾ ਉਪ ਚੋਣ ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕੀ। ਪੰਜਾਬ ਵਿਧਾਨ ਸਭ ਸਪੀਕਰ ਕੁਲਤਾਰ ਸੰਧਵਾਂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਸਪੀਕਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਮੂੰਹ ਮੀਠਾ ਕਰਵਾਇਆ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਮੈਨੂੰ ਮਿਲੀ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਅਤੇ ਤਰਨ-ਤਾਰਨ ਵਾਸੀਆਂ ਦੀਆਂ ਉਮੀਦਾਂ ਅਤੇ ਆਸਾਂ ‘ਤੇ ਖ਼ਰਾ ਉੱਤਰਾਂਗਾ।
ਹਰਮੀਤ ਸਿੰਘ ਸੰਧੂ ਨੇ ਕਿਹਾ “ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ। ਮੈਂ ਗੁਰੂ ਅਰਜੁਨ ਦੇਵ ਅਤੇ ਤਰਨਤਾਰਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਚੌਥੀ ਵਾਰ ਇਹ ਮੌਕਾ ਦਿੱਤਾ। ਵਿਧਾਇਕ ਬਣਨ ਨਾਲ ਤਰਨਤਾਰਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ ਹੱਲ ਹੋ ਜਾਣਗੇ।” ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਅਹੁਦੇ ਦੀ ਸਹੁੰ ਚੁੱਕਣ ਦੇ ਇੱਕ ਹਫ਼ਤੇ ਦੇ ਅੰਦਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਇਲਾਕੇ ਦੀਆਂ ਕੁੜੀਆਂ ਨੂੰ ਪੜ੍ਹਨ ਲਈ ਬਾਹਰ ਜਾਣਾ ਪੈਂਦਾ ਸੀ, ਹੁਣ ਇਸ ਲਈ ਅਸੀਂ ਇੱਕ ਕੁੜੀਆਂ ਦਾ ਕਾਲਜ ਬਣਾਵਾਂਗੇ। ਮੈਂ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ। ਉੱਥੇ ਇੱਕ ਤਕਨੀਕੀ ਕਾਲਜ ਬਣਾਇਆ ਜਾਵੇਗਾ।
ਦੱਸ ਦਈਏ ਕਿ ਤਰਨਤਾਰਨ ਸੀਟ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਨੇ ਜਿੱਤੀ ਸੀ, ਪਰ ਇਸ ਸਾਲ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਤੀਜੇ ਵਜੋਂ, ਇਹ ਸੀਟ ਖਾਲੀ ਹੋ ਗਈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਮੀਤ ਸਿੰਘ ਸੰਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਪ ਚੋਣ ਵਿੱਚ ਉਨ੍ਹਾਂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ। ਉਨ੍ਹਾਂ ਨੇ 12,091 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਦੂਜੇ ਸਥਾਨ ‘ਤੇ ਰਹੀ।














