ਜਲੰਧਰ, 21 ਜੁਲਾਈ
ਲੋਹੀਆਂ ਬਲਾਕ ਦੀ ਧੱਕਾ ਬਸਤੀ ਨੂੰ ਹੜ੍ਹ ਮਗਰੋਂ ਮੁਸੀਬਤਾਂ ਨੇ ਘੇਰ ਲਿਆ ਹੈ। ਲੋਕਾਂ ਦੇ ਘਰ ਡਿੱਗ ਗਏ ਹਨ ਅਤੇ ਘਰੇਲੂ ਸਾਮਾਨ ਖ਼ਰਾਬ ਹੋ ਗਿਆ ਹੈ। ਬੱਚਿਆਂ ਦੀਆਂ ਕਿਤਾਬਾਂ ਪਾਣੀ ਵਿਚ ਭਿੱਜ ਗਈਆਂ ਹਨ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਚਿੰਤਾ ਹੈ ਕਿ ਉਹ ਹੁਣ ਸਕੂਲ ਕਿਵੇਂ ਜਾਣਗੇ। ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ ਦੀ ਪੰਜਵੀਂ ਕਲਾਸ ਦੇ ਵਿਦਿਆਰਥੀ ਜਸਵਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਸਾਲ ਉਸ ਦੀ ਮਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਸਕੂਲ ਜਾਣ ਵਾਸਤੇ ਸਾਈਕਲ ਲੈ ਕੇ ਦਿੱਤਾ ਸੀ। ਹੁਣ ਜਦੋਂ ਹੜ੍ਹ ਆਇਆ ਤਾਂ ਉਨ੍ਹਾਂ ਦਾ ਘਰ ਢਹਿ ਗਿਆ, ਸਾਈਕਲ ਟੁੱਟ ਗਿਆ, ਕਿਤਾਬਾਂ ਤੇ ਬਸਤਾ ਪਾਣੀ ਵਿਚ ਹੜ੍ਹ ਗਏ। ਜਸਵਿੰਦਰ ਨੇ ਆਖਿਆ ਕਿ ਹੁਣ ਉਹ ਸਕੂਲ ਕਿਵੇਂ ਜਾਵੇਗਾ ਅਤੇ ਕਿਵੇਂ ਪੜ੍ਹਾਈ ਕਰੇਗਾ? ਕਰੀਬ 200 ਤੋਂ ਵੱਧ ਵਸੋਂ ਵਾਲੀ ਇਸ ਬਸਤੀ ਦੇ ਲੋਕਾਂ ਦਾ ਹੜ੍ਹ ਕਾਰਨ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਇਸ ਵੇਲੇ ਪਿੰਡ ਲਗਪਗ ਖਾਲੀ ਹੈ, ਕਿਉਂਕਿ ਜ਼ਿਆਦਤਰ ਲੋਕ ਆਪਣੇ ਬੱਚਿਆਂ ਸਮੇਤ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਪਿੰਡ ਦੇ ਜ਼ਿਆਦਾਤਰ ਮਕਾਨ ਹੜ੍ਹ ਦੇ ਪਾਣੀ ਕਾਰਨ ਡਿੱਗ ਗਏ ਅਤੇ ਬਹੁਤ ਸਾਰੇ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ, ਜਿਨ੍ਹਾਂ ਦੇ ਕਿਸੇ ਵੀ ਵੇਲੇ ਡਿੱਗਣ ਦਾ ਖ਼ਦਸ਼ਾ ਹੈ। ਹੁਣ ਪਿੰਡ ਦੇ ਲੋਕ ਟੈਂਟਾਂ ਵਿਚ ਰਹਿ ਗਏ ਹਨ, ਜਿਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਧੱਕਾ ਬਸਤੀ ਦੇ ਦੌਰੇ ਦੌਰਾਨ ਅੱਜ ਵਿਦਿਆਰਥੀ ਜਸਵਿੰਦਰ ਸਿੰਘ ਦੀ ਮਾਂ ਮਨਪ੍ਰੀਤ ਕੌਰ ‘ਟਿ੍ਬਿਊਨ’ ਦੀ ਟੀਮ ਨੂੰ ਆਪਣਾ ਦੁੱਖੜਾ ਦੱਸਦਿਆਂ ਭਾਵੁਕ ਹੋ ਗਈ। ਉਸ ਨੇ ਆਖਿਆ, ‘‘ਪਿਛਲੇ ਸਾਲ ਸਾਈਕਲ ਲੈ ਕੇ ਦਿੱਤੀ ਸੀ ਬੜੀ ਮੁਸ਼ਕਲ ਨਾਲ, ਤਾਂ ਕਿ ਬੱਚਾ ਸਾਈਕਲ ’ਤੇ ਸਕੂਲ ਜਾ ਸਕੇ। ਸਭ ਖ਼ਤਮ ਹੋ ਗਿਆ। ਮੇਰਾ ਪਤੀ ਦਿਹਾੜੀਦਾਰ ਹੈ। ਮੈਨੂੰ ਨਹੀਂ ਪਤਾ ਹੁਣ ਅਸੀਂ ਕੀ ਕਰਾਂਗੇ। ਮੈਨੂੰ ਮੇਰੇ ਬੱਚੇ ਦੀ ਪੜ੍ਹਾਈ ਦੀ ਬਹੁਤ ਚਿੰਤਾ ਹੈ। ਸਾਲ 2019 ਵਿਚ ਆਏ ਹੜ੍ਹਾਂ ਵਿਚ ਵੀ ਸਾਡਾ ਇਕ ਕਮਰੇ ਵਾਲਾ ਮਕਾਨ ਡਿੱਗ ਗਿਆ ਸੀ। ਅਸੀਂ ਤਿੰਨ ਸਾਲ ਸਖ਼ਤ ਮਿਹਨਤ ਕਰਕੇ ਮੁੜ ਮਕਾਨ ਬਣਾਇਆ ਸੀ ਪਰ ਹੁਣ ਫਿਰ ਘਰ ਢਹਿ ਗਿਆ।’’ ਧੱਕਾ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਦੂਸਰੀ ਕਲਾਸ ਦਾ ਵਿਦਿਆਰਥੀ ਅੰਸ਼ ਸਿੰਘ ਵੀ ਹੜ੍ਹ ਆਉਣ ਮਗਰੋਂ ਆਪਣੇ ਮਾਪਿਆਂ ਨਾਲ ਘਰ-ਬਾਰ ਛੱਡ ਕੇ ਆ ਗਿਆ ਹੈ। ਉਸ ਦੇ ਪਿਤਾ ਨੇ ਆਖਿਆ ਕਿ ਮੌਜੂਦਾ ਸਮੇਂ ਉਨ੍ਹਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ ਅਤੇ ਉਸ ਦੇ ਪੁੱਤਰ ਦਾ ਸਕੂਲ ਬੈਗ ਵੀ ਉਥੇ ਹੀ ਰਹਿ ਗਿਆ ਹੈ। ਅੰਸ਼ ਦੇ ਪਿਤਾ ਸੁਰਜੀਤ ਸਿੰਘ ਨੇ ਆਖਿਆ ਕਿ ਹੁਣ ਸਭ ਕੁਝ ਖ਼ਤਮ ਨਜ਼ਰ ਆ ਰਿਹਾ ਹੈ। ਉਸ ਨੇ ਆਖਿਆ, ‘‘ਅਸੀਂ ਤਾਂ ਆਪਣੀ ਜਾਨ ਬਚਾਅ ਕੇ ਆਏ ਹਾਂ। ਬੱਚਿਆਂ ਦੀ ਪੜ੍ਹਾਈ ਕਿਤੇ ਹੋ ਸ਼ੁਰੂ ਹੋ ਜਾਵੇ ਤਾਂ ਕਿ ਇਨ੍ਹਾਂ ਦੀ ਜ਼ਿੰਦਗੀ ਬਣ ਜਾਵੇ। ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਵੇ।’’ ਧੱਕਾ ਬਸਤੀ ਸਕੂਲ ਦੇ ਅਧਿਆਪਕ ਸਰਬਜੀਤ ਸਿੰਘ ਨੇ ਆਖਿਆ ਕਿ ਉਹ ਲਗਾਤਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸੰਪਰਕ ਵਿਚ ਹੈ। ਉਹ ਡਰੇ ਹੋਏ ਹਨ ਅਤੇ ਚਾਹੁੰਦੇ ਹਨ ਕਿ ਸਭ ਕੁਝ ਮੁੜ ਠੀਕ ਹੋ ਜਾਵੇ। ਧੱਕਾ ਬਸਤੀ ਦੇ ਸਰਪੰਚ ਹਰਮੇਸ਼ ਸਿੰਘ ਨੇ ਆਖਿਆ ਕਿ ਪਿੰਡ ਦੇ ਜ਼ਿਆਦਾਤਰ ਲੋਕ ਦਿਹਾੜੀਦਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਬਸਤੀ ਦੇ ਨੇੜੇ ਮੁੜ ਵਸੇਬੇ ਲਈ ਥੋੜ੍ਹੀ ਥਾਂ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਦੁਬਾਰਾ ਘਰ-ਬਾਰ ਨਾ ਛੱਡਣੇ ਪੈਣ।