ਮਾਛੀਵਾੜਾ, ਪਿਛਲੇ ਦੋ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਨਦੀਆਂ, ਨਾਲਿਆਂ ਦਾ ਪਾਣੀ ਰੋਪੜ ਹੈੱਡ ਵਰਕਸ ਵਿੱਚ ਇਕੱਠਾ ਹੋ ਗਿਆ ਅਤੇ ਉਥੋਂ ਅੱਜ ਸਤਲੁਜ ਦਰਿਆ ਵਿੱਚ 70 ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ ਗਿਆ ਅਤੇ ਨਾਲ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਜੇ ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲੇ ਦਿਨਾਂ ’ਚ ਮੀਂਹ ਪੈਂਦਾ ਰਿਹਾ ਤਾਂ ਸਤਲੁਜ ਦਰਿਆ ਵਿੱਚ ਹੜ੍ਹ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੱਤਰਕਾਰਾਂ ਵੱਲੋਂ ਜਦੋਂ ਅੱਜ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਧੁੱਲੇਵਾਲ ਜੋ ਕਿ ਸਭ ਤੋਂ ਨਾਜ਼ੁਕ ਸਥਾਨ ਦੱਸਿਆ ਜਾ ਰਿਹਾ ਹੈ ਉਥੇ ਪਾਣੀ ਦਾ ਵਧਦਾ ਪੱਧਰ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਡਰੇਨੇਜ ਵਿਭਾਗ ਵੱਲੋਂ ਬਣਾਈਆਂ ਠੋਕਰਾਂ ਨੂੰ ਢਾਹ ਲਗਾਉਂਦਾ ਹੋਇਆ ਬੰਨ੍ਹ ਵੱਲ ਵਧਦਾ ਆ ਰਿਹਾ ਹੈ। ਇਸ ਤੋਂ ਇਲਾਵਾ ਸੈਸੋਂਵਾਲ ਖੁਰਦ, ਸ਼ੇਰਗੜ੍ਹ ਮੰਡ ਵੀ ਡ੍ਰੇਨਜ਼ ਵਿਭਾਗ ਵੱਲੋਂ ਨਾਜ਼ੁਕ ਸਥਾਨ ਘੋਸ਼ਿਤ ਕੀਤੇ ਗਏ ਹਨ ਅਤੇ ਇੱਥੇ ਵੀ ਸਤਲੁਜ ਦਰਿਆ ਦੇ ਪਾਣੀ ਦਾ ਵਧਦਾ ਪੱਧਰ ਕਾਰਨ ਜਿੱਥੇ ਦਰਿਆ ਵਿਚ ਕਿਸਾਨਾਂ ਦੀਆਂ ਫਸਲਾਂ ਡੁੱਬਦੀਆਂ ਜਾ ਰਹੀਆਂ ਹਨ ਉਥੇ ਨਾਲ ਹੀ ਜ਼ਮੀਨਾਂ ਨੂੰ ਘਾਰਾਂ ਪੈ ਰਹੀਆਂ ਹਨ। ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰ ਰਹੇ ਡਰੇਨਜ਼ ਵਿਭਾਗ ਦੇ ਐਸ.ਡੀ.ਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਦਰਿਆ ਵਿਚ ਕਰੀਬ 52 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਜੋ ਉਨ੍ਹਾਂ ਨੂੰ ਸੂਚਨਾ ਜਾਰੀ ਕੀਤੀ ਗਈ ਹੈ ਕਿ ਸ਼ਾਮ ਤੱਕ ਦਰਿਆ ਵਿਚ 70 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਚੱਲੇਗਾ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੀ ਸਥਿਤੀ ਬਾਰੇ ਉਨ੍ਹਾਂ ਵੱਲੋਂ ਉਚ ਅਧਿਕਾਰੀਆਂ ਨੂੰ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਸਥਿਤੀ ਕੰਟਰੋਲ ਵਿੱਚ ਹੈ ਪਰ ਖ਼ਤਰੇ ਨੂੰ ਦੇਖਦਿਆਂ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਅਤੇ ਦਰਿਆ ’ਤੇ ਵਿਭਾਗ ਦੇ ਕਰਮਚਾਰੀ 24 ਘੰਟੇ ਨਜ਼ਰ ਰੱਖ ਰਹੇ ਹਨ।