ਨਵੀਂ ਦਿੱਲੀ:ਐਨਬੀਏ ਟੀਮ ਵਿਚ ਸ਼ਾਮਲ ਪਹਿਲੇ ਭਾਰਤੀ ਸਤਨਾਮ ਸਿੰਘ ਭਮਰਾ ’ਤੇ ਕੌਮੀ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਦੋ ਸਾਲ ਖੇਡਣ ’ਤੇ ਰੋੋਕ ਲਾ ਦਿੱਤੀ ਹੈ। 25 ਸਾਲਾ ਖਿਡਾਰੀ ਪਿਛਲੇ ਸਾਲ ਡੋਪ ਟੈਸਟ ਵਿਚ ਫੇਲ੍ਹ ਹੋ ਗਿਆ ਸੀ। ਉਸ ਨੂੰ ਪਿਛਲੇ ਸਾਲ ਅਸਥਾਈ ਤੌਰ ’ਤੇ ਬਾਹਰ ਕੱਢਿਆ ਗਿਆ ਸੀ। ਦੂਜੇ ਪਾਸੇ ਭਮਰਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਖ਼ਿਲਾਫ਼ ਨਾਡਾ ਦੀ ਅਨੁਸ਼ਾਸਨੀ ਕਮੇਟੀ ਕੋਲ ਪੱਖ ਪੇਸ਼ ਕਰਨ ਦੀ ਮੰਗ ਕੀਤੀ ਸੀ। ਨਾਡਾ ਨੇ ਅੱਜ ਟਵੀਟ ਕਰਦਿਆਂ ਦੱਸਿਆ ਕਿ ਸਤਨਾਮ ਭਮਰਾ ਦੇ ਟੈਸਟ ਕਰਵਾਉਣ ’ਤੇ ਉਸ ਨੂੰ ਹਿਗੇਨਾਮਾਈਨ ਬੀਟਾ-2 ਐਗੋਨਿਸਟ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਨਾਡਾ ਨੇ ਕਿਹਾ ਕਿ ਹਿਗੇਨਾਮਾਈਨ ਨੂੰ ਵਿਸ਼ਵ ਡੋਪਿੰਗ ੲੇਜੰਸੀ ਨੇ ਮਨਾਹੀ ਵਾਲੇ ਪਦਾਰਥਾਂ ਵਿਚ ਸ਼ਾਮਲ ਕੀਤਾ ਹੋਇਆ ਹੈ।