ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਵਿੱਤੀ ਸਹਿਮਤੀ ਪ੍ਰਾਪਤ ਕਰਨ ਅਤੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਇਹ ਪ੍ਰਸਤਾਵ ਪੇਸ਼ ਕਰਨ ਲਈ ਆਖਿਆ
ਚੰਡੀਗੜ•, 17 ਦਸੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ) ਦੇ ਮੈਂਬਰ ਰਣਧੀਰ ਸਿੰਘ ਦੀ ਅਗਵਾਈ ਵਾਲੀ ਸਟੀਰਿੰਗ ਕਮੇਟੀ ਵੱਲੋਂ ਵਿਧਾਨਿਕ ਵਿਵਸਸਥਾ ਲਈ ਪੇਸ਼ ਕੀਤੇ ਖਰੜੇ ਦੀ ਤਰਜ ‘ਤੇ ਪਟਿਆਲਾ ਵਿਖੇ ਸਪੋਰਟਸ ਯੂਨੀਵਰਸਿਟੀ ਸਥਾਪਤ ਕਰਨ ਸਬੰਧੀ ਰੂਪ ਰੇਖਾ ਤਿਅਰ ਕਰਨ ਵਾਸਤੇ ਖੇਡ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਇਹ ਸ਼ਾਨੀਮਤੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਖੇਡ ਵਿਭਾਗ ਨੂੰ ਵਿੱਤ ਵਿਭਾਗ ਤੋਂ ਪ੍ਰਵਾਨਗੀ ਲੈਣ ਅਤੇ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਮੰਤਰੀ ਮੰਡਲ ਦੇ ਅੱਗੇ ਕਾਨੂੰਨੀ ਖਰੜਾ ਪੇਸ਼ ਕਰਨ ਲਈ ਵੀ ਆਖਿਆ ਹੈ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਟੀਰਿੰਗ ਕਮੇਟੀ ਦੇ ਮੁੱਖੀ ਓਲੰਪੀਅਨ ਰਣਧੀਰ ਸਿੰਘ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮਿਲਕੇ ਅੱਜ ਸ਼ਾਮ ਮੁੱਖ ਮੰਤਰੀ ਨਾਲ ਖਰੜਾ ਕਾਨੂੰਨ ‘ਤੇ ਵਿਚਾਰ ਵਟਾਂਦਰਾ ਕੀਤਾ। ਉਹ ਮੁੱਖ ਮੰਤਰੀ ਨੂੰ ਪੀ.ਜੀ.ਆਈ ਐਮ.ਈ.ਆਰ ਵਿਖੇ ਮਿਲੇ ਜਿੱਥੇ ਉਹ ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਜ਼ੇਰੇ ਇਲਾਜ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੰਤਰੀ ਮੰਡਲ ਦੀ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਹੋਰ ਉਪਚਾਰਿਕਤਾਵਾਂ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਜਾਵੇਗੀ।
ਇਹ ਯੂਨੀਵਰਸਿਟੀ ਫਿਜੀਕਲ ਐਜੂਕੇਸ਼ਨ ਅਤੇ ਸਪੋਰਟਸ ਸਾਇੰਸ, ਸਪੋਰਟਸ ਟੈਕਨੌਲੋਜੀ ਅਤੇ ਸਾਰੀਆਂ ਖੇਡਾਂ ਦੇ ਲਈ ਉੱਚ ਪੱਧਰੀ ਸਿਖਲਾਈ ਦੇ ਵੱਖ-ਵੱਖ ਖੇਤਰਾਂ ਵਿੱਚ ਗਿਆਨ ਅਤੇ ਹੁਨਰ ਵਾਸਤੇ ਯੋਗਤਾ ਅਤੇ ਸਮਰੱਥਾ ਪੈਦਾ ਕਰੇਗੀ। ਇਹ ਵਧੀਆ ਕੋਚਿੰਗ ਸੁਵਿਧਾਵਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਤੋਂ ਇਲਾਵਾ ਉਭਰਦੇ ਐਥਲੀਟਾਂ ਨੂੰ ਉੱਚ ਦਰਜੇ ਦਾ ਸੰਸਥਾਈ ਸਮਰਥਨ ਮੁਹਈਆ ਕਰਵਾਏਗੀ ਤਾਂ ਜੋ ਉਭਰ ਰਹੇ ਅਥਲੀਟਾਂ ਦੇ ਹੁਨਰ ਨੂੰ ਮੁਢਲੇ ਪੜਾਅ ‘ਤੇ ਸਹੀ ਦਿਸ਼ਾ ਵਿੱਚ ਲਿਜਾਇਆ ਜਾ ਸਕੇ।
ਸੂਬੇ ਵਿੱਚ ਖਿਡਾਰੀਆਂ ਨੂੰ ਸਿਹਤਮੰਦ ਅਤੇ ਵਧੀਆ ਮਾਹੌਲ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਖ-ਵੱਖ ਖੇਡ ਮੁਕਾਬਲਿਆਂ ਲਈ ਤਿਆਰ ਹੋਣ ਦੀ ਖ਼ਾਹਿਸ਼ ਰੱਖਣ ਵਾਲੇ ਨੌਜਵਾਨਾ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤੇ ਜਾਣ ਲਈ ਖੇਡ ਮੰਤਰੀ ਨੂੰ ਆਖਿਆ ਹੈ।
ਗੌਰਤਲਬ ਹੈ ਕਿ ਇਹ ਪ੍ਰਸਤਾਵਿਤ ਯੂਨੀਵਰਸਿਟੀ ਵਿਧੀ ਵਿਧਾਨ ਤਿਆਰ ਕਰਨ ਵਾਸਤੇ ਮੁੱਖ ਮੰਤਰੀ ਨੇ ਸਟੀਰਿੰਗ ਕਮੇਟੀ ਸਥਾਪਿਤ ਕੀਤੀ ਸੀ। ਇਸ ਕਮੇਟੀ ਨੂੰ ਖੇਡ ਯੂਨੀਵਰਸਿਟੀਆਂ ਦੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਡਲਾਂ ਦਾ ਅਧਿਐਨ ਕਰਨ ਅਤੇ ਇਸ ਸਬੰਧੀ ਸਰਕਾਰ ਨੂੰ ਖਰੜਾ ਪੇਸ਼ ਕਰਨ ਲਈ ਆਖਿਆ ਗਿਆ ਸੀ।
ਰਣਧੀਰ ਸਿੰਘ ਤੋਂ ਇਲਾਵਾ ਇਸ ਕਮੇਟੀ ਵਿੱਚ ਵਿਧਾਇਕ ਪਰਗਟ ਸਿੰਘ, ਲਕਸ਼ਮੀ ਬਾਈ ਨੈਸ਼ਨਲ ਯੂਨੀਵਰਸਿਟੀ ਆਫ ਫਿਜੀਕਲ ਐਜੂਕੇਸ਼ਨ ਗਵਾਲੀਅਰ ਦੇ ਸਾਬਕਾ ਵਾਈਸ ਚਾਂਸਲਰ ਜੇ.ਐਸ. ਨਰੂਲਾ ਅਤੇ ਰਾਜਸਥਾਨ ਸਪੋਰਟਸ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਐਲ ਐਸ ਰਣਾਵਤ ਸ਼ਾਮਲ ਹਨ।