ਚੰਡੀਗੜ੍ਹ, 5 ਸਤੰਬਰ
ਪੰਜਾਬ ਸਕੱਤਰੇਤ ਵਿੱਚ ਅੱਜ ਸਵੇਰੇ ਮੁਲਾਜ਼ਮਾਂ ਨੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਆਗੂਆਂ ਤੋਂ 25-25 ਪੈਸੇ ਵਿੱਚ ਪੰਜਾਬ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਵਾਲਾ ਚੋਣ ਮਨੋਰਥ ਪੱਤਰ ਖ਼ਰੀਦਿਆ ਤੇ ਪੰਜਾਬ ਸਰਕਾਰ ’ਤੇ ਗੁਮਰਾਹ ਕਰਨ ਦੇ ਦੋਸ਼ ਲਾਏ। ਰੋਸ ਵਜੋਂ ਮੁਲਾਜ਼ਮਾਂ ਨੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ’ਤੇ ਪਕੌੜੇ ਰੱਖ ਕੇ ਖਾਧੇ।
ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਮੈਨੀਫੈਸਟੋ ਹੁਣ ਰੱਦੀ ਦਾ ਟੁਕੜਾ ਬਣ ਗਿਆ ਹੈ, ਕਿਉਂਕਿ ਇਸ ਵਿੱਚ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਸਰਕਾਰ ਨੇ ਉਨ੍ਹਾਂ ਵਿੱਚੋਂ ਇਕ ਵੀ ਵਫ਼ਾ ਨਹੀਂ ਕੀਤਾ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਆਗੂਆਂ ਗੁਰਪ੍ਰੀਤ ਸਿੰਘ, ਭਗਵੰਤ ਸਿੰਘ ਬਦੇਸ਼ਾ, ਸਤਵਿੰਦਰ ਸਿੰਘ, ਮਨਜਿੰਦਰ ਕੌਰ, ਨੀਰਜ ਕੁਮਾਰ, ਸੁਖਜੀਤ ਕੌਰ, ਸੁਸ਼ੀਲ ਕੁਮਾਰ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਜਗਦੀਪ ਕਪਿਲ, ਮਿਥੁਨ ਚਾਵਲਾ, ਪ੍ਰਵੀਨ ਕੁਮਾਰ, ਅਮਰਵੀਰ ਸਿੰਘ ਗਿੱਲ, ਸੁਖਵੀਰ ਸਿੰਘ, ਬਲਰਾਜ ਸਿੰਘ ਦਾਊਂ, ਜਸਵੀਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਫੌਰੀ ਪੂਰੀਆਂ ਕਰੇ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਲਈ ਸੰਜੀਦਾ ਨਹੀਂ ਹੈ। ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ ਸਰਕਾਰ ਤੋਂ ਤੰਗ ਆ ਕੇ ਕਲਮਛੋੜ ਹੜਤਾਲ ’ਤੇ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਇਸ ਮੰਚ ਵਿੱਚ ਪੈਨਸ਼ਨਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਵੱਲੋਂ ਚੇਤਨਾ ਮਾਰਚ ਕੱਢਿਆ ਜਾਵੇਗਾ।