ਉੱਤਰ ਪ੍ਰਦੇਸ਼ : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਕੂਲਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਨੋਇਡਾ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਧਮਕੀ ਭਰੇ ਈਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲਾਂ ਵਿੱਚ ਕੀਤੇ ਗਏ ਸਰਚ ਆਪ੍ਰੇਸ਼ਨ ਵਿੱਚ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਨੋਇਡਾ ਦੇ ਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਪ੍ਰਾਪਤ ਹੋਇਆ, ਜਿਸ ਨਾਲ ਵਿਦਿਆਰਥੀਆਂ ‘ਚ ਦਹਿਸ਼ਤ ਫੈਲ ਗਈ। ਪੁਲਿਸ ਟੀਮਾਂ ਤੁਰੰਤ ਸ਼ਿਵ ਨਾਦਰ ਸਕੂਲ ਅਤੇ ਐਮਿਟੀ ਸਕੂਲ ਪਹੁੰਚੀਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਹੋਰ ਸਕੂਲਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਰਹੀ। ਬੰਬ ਦੀ ਧਮਕੀ ਦੀ ਸੂਚਨਾ ਮਿਲਣ ‘ਤੇ, ਨੋਇਡਾ ਪੁਲਿਸ ਦੀਆਂ ਟੀਮਾਂ ਸਬੰਧਤ ਸਕੂਲਾਂ ਵਿੱਚ ਪਹੁੰਚੀਆਂ ਅਤੇ ਪੂਰੇ ਖੇਤਰ ਨੂੰ ਘੇਰ ਲਿਆ। ਵਿਦਿਆਰਥੀਆਂ ਅਤੇ ਸਕੂਲ ਸਟਾਫ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਪੁਲਿਸ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਨਾਲ ਹੀ ਬੰਬ ਡਿਸਪੋਜ਼ਲ ਸਕੁਐਡ ਅਤੇ ਡੌਗ ਸਕੁਐਡ ਦੀ ਮਦਦ ਨਾਲ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ।
ਪੁਲਿਸ ਦੀਆਂ ਤਕਨੀਕੀ ਟੀਮਾਂ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਸ਼ਿਵ ਨਾਦਰ ਸਕੂਲ ਅਤੇ ਐਮਿਟੀ ਸਕੂਲ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਫਿਲਹਾਲ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸਕੂਲਾਂ ਦੇ ਬਾਹਰ ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ ਹਨ। ਪੁਲਿਸ ਟੀਮਾਂ ਨੇ ਸਕੂਲ ਦੇ ਹਰ ਕੋਨੇ ਦੀ ਪੂਰੀ ਤਲਾਸ਼ੀ ਲਈ। ਡੌਗ ਸਕੁਐਡ ਨੇ ਸਾਰੇ ਕਲਾਸਰੂਮਾਂ, ਲਾਇਬ੍ਰੇਰੀਆਂ ਅਤੇ ਦਫਤਰਾਂ ਦੀ ਤਲਾਸ਼ੀ ਲਈ। ਓਧਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਫਰਜ਼ੀ ਈਮੇਲ ਹੋ ਸਕਦੀ ਹੈ ਜਾਂ ਕਿਸੇ ਸ਼ਰਾਰਤੀ ਵਿਅਕਤੀ ਦਾ ਕੰਮ ਹੋ ਸਕਦਾ ਹੈ। ਹਾਲਾਂਕਿ, ਪੁਲਿਸ ਹਰ ਵੇਰਵੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਨੋਇਡਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਅਜਿਹੇ ਈਮੇਲ ਪਹਿਲਾਂ ਵੀ ਪ੍ਰਾਪਤ ਹੋਏ ਹਨ। ਇਸ ਸਾਲ ਫਰਵਰੀ ਵਿੱਚ ਮਯੂਰ ਸਕੂਲ, ਦ ਹੈਰੀਟੇਜ ਸਕੂਲ, ਗਿਆਨਸ਼੍ਰੀ ਸਕੂਲ ਅਤੇ ਸਟੈਪ ਬਾਏ ਸਟੈਪ ਸਕੂਲ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ। ਉਸ ਸਮੇਂ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ।














