ਹਾਂਗਜ਼ੂ, 29 ਸਤੰਬਰ
ਭਾਰਤੀ ਪੁਰਸ਼ ਅਤੇ ਮਹਿਲਾ ਸਕੁਐਸ਼ ਟੀਮ ਨੇ ਅੱਜ ਇੱਥੇ ਆਪੋ-ਆਪਣੇ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਏਸ਼ਿਆਈ ਖੇਡਾਂ ’ਚ ਤਗ਼ਮਾ ਯਕੀਨੀ ਬਣਾ ਲਿਆ ਹੈ। ਪੁਰਸ਼ ਟੀਮ ਨੇ ਪੂਲ ਦੇ ਆਖ਼ਰੀ ਮੁਕਾਬਲੇ ਵਿੱਚ ਨੇਪਾਲ ਨੂੰ 3-0 ਨਾਲ ਹਰਾਇਆ, ਜਦਕਿ ਮਹਿਲਾ ਟੀਮ ਨੇ ਮਲੇਸ਼ੀਆ ਖ਼ਿਲਾਫ਼ ਆਪਣੇ ਆਖ਼ਰੀ ਪੂਲ ਬੀ ਮੈਚ ਵਿੱਚ 0-3 ਨਾਲ ਇਕਤਰਫ਼ਾ ਹਾਰ ਦੇ ਬਾਵਜੂਦ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਤਗ਼ਮਾ ਪੱਕਾ ਕਰ ਲਿਆ ਹੈ। ਦੋਵੇਂ ਟੀਮਾਂ ਨੇ ਆਪਣੇ-ਆਪਣੇ ਪੂਲ ਵਿੱਚ ਸਿਖਰਲੇ ਦੋ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਤਗ਼ਮਾ ਯਕੀਨੀ ਬਣਾਇਆ। ਸਕੁਐਸ਼ ਦੇ ਸੈਮੀਫਾਈਨਲ ਵਿੱਚ ਹਾਰਨ ਵਾਲਿਆਂ ਨੂੰ ਵੀ ਕਾਂਸੇ ਦਾ ਤਗ਼ਮਾ ਮਿਲਦਾ ਹੈ। ਪੁਰਸ਼ਾਂ ਦੇ ਟੀਮ ਮੁਕਾਬਲੇ ਵਿੱਚ ਅਭੈ ਸਿੰਘ ਨੇ ਅੰਮ੍ਰਿਤ ਥਾਪਾ ਮਾਗਰ ਨੂੰ 17 ਮਿੰਟ ਵਿੱਚ 11-2, 11-4, 11-1 ਨਾਲ ਹਰਾਇਆ। ਦੂਜੇ ਮੈਚ ਵਿੱਚ ਮਹੇਸ਼ ਮੰਗਾਓਂਕਰ ਨੇ ਵੀ 17 ਮਿੰਟ ਵਿੱਚ ਜਿੱਤ ਦਰਜ ਕਰਦਿਆਂ ਅਰਹੰਤ ਕੇਸ਼ਰ ਸਿਮਹਾ ਨੂੰ 11-2, 11-3, 11-3 ਨਾਲ ਹਰਾਇਆ। ਹਰਿੰਦਰ ਪਾਲ ਸਿੰਘ ਸੰਧੂ ਨੇ ਫਿਰ ਆਮਿਰ ਭਲੋਨ ’ਤੇ ਮਹਿਜ਼ 12 ਮਿੰਟਾਂ ਵਿੱਚ 11-1, 11-2, 11-6 ਨਾਲ ਜਿੱਤ ਦਰਜ ਕੀਤੀ।
ਭਾਰਤੀ ਮਹਿਲਾ ਟੀਮ ਲਈ ਸਭ ਤੋਂ ਪਹਿਲਾਂ ਜੋਸ਼ਨਾ ਚਨਿੱਪਾ ਮੈਦਾਨ ’ਚ ਉੱਤਰੀ, ਜਿਸ ਨੂੰ ਸਿਰਫ਼ 21 ਮਿੰਟ ਵਿੱਚ ਮਲੇਸ਼ੀਆ ਦੀ ਸੁਬਰਾਮਨੀਅਮ ਸਵਿਸੰਗਾਰੀ ਤੋਂ 6-11, 2-11, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਮੈਚ ਵਿੱਚ ਤਨਵੀ ਖੰਨਾ ਨੂੰ 2-1 ਦੀ ਲੀਡ ਮਿਲਣ ਦੇ ਬਾਵਜੂਦ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਆਇਫਾ ਬਿੰਟੀ ਅਜ਼ਮਾਨ ਤੋਂ 9-11, 11-1, 7-11, 13-11, 11-5 ਨਾਲ ਹਾਰ ਝੱਲਣੀ ਪਈ। ਮੁਕਾਬਲੇ ਦੇ ਆਖ਼ਰੀ ਮੈਚ ਵਿੱਚ 15 ਸਾਲ ਦੀ ਅਨਾਹਤ ਸਿੰਘ ਨੂੰ ਮਲੇਸ਼ੀਆ ਦੀ ਰਾਸ਼ੇਲ ਮੇਅ ਹੱਥੋਂ 7-11, 7-11, 12-14 ਨਾਲ ਹਾਰ ਮਿਲੀ।