ਓਨਟਾਰੀਓ, 27 ਜੁਲਾਈ : ਅਜੇ ਮੇਅਰ ਦੇ ਅਹੁਦੇ ਲਈ ਕਰਵਾਈਆਂ ਗਈਆਂ ਜਿ਼ਮਨੀ ਚੋਣਾਂ ਨੂੰ ਕੁੱਝ ਹਫਤੇ ਹੀ ਬੀਤੇ ਹਨ ਕਿ ਇੱਕ ਵਾਰੀ ਫਿਰ ਸਕਾਰਬਰੋ-ਗਿਲਡਵੁੱਡ ਦੇ ਰੈਜ਼ੀਡੈਂਟਸ ਨੂੰ ਇੱਕ ਹੋਰ ਪ੍ਰੋਵਿੰਸ਼ੀਅਲ ਸੀਟ ਨੂੰ ਭਰਨ ਲਈ ਵੋਟ ਪਾਉਣ ਲਈ ਆਖਿਆ ਜਾ ਰਿਹਾ ਹੈ।

16 ਸਾਲਾਂ ਤੋਂ ਇਹ ਸੀਟ ਓਨਟਾਰੀਓ ਦੀ ਲਿਬਰਲ ਪਾਰਟੀ ਕੋਲ ਸੀ ਤੇ ਇਸ ਸੀਟ ਉੱਤੇ ਮਿਤਜ਼ੀ ਹੰਟਰ ਕੰਮ ਕਰ ਰਹੀ ਸੀ ਪਰ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਚੋਣ ਵਿੱਚ ਹਿੱਸਾ ਲੈਣ ਵਾਸਤੇ ਉਸ ਵੱਲੋਂ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ। ਮੇਅਰ ਦੇ ਅਹੁਦੇ ਦੀ ਦੌੜ ਵਿੱਚ ਉਹ ਛੇਵੇਂ ਸਥਾਨ ਉੱਤੇ ਰਹੀ।ਹੁਣ ਕੁਈਨਜ਼ ਪਾਰਕ ਵਿਖੇ ਇਸ ਹਲਕੇ ਦੀ ਨੁਮਾਇੰਦਗੀ ਨੂੰ ਬਦਲਣ ਦੀ ਆਸ ਨਾਲ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਟੱਕਰ ਦਾ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ। ਪੀਸੀ ਪਾਰਟੀ ਦੀ ਛਤਰਛਾਇਆ ਹੇਠ ਟੋਰਾਂਟੋ ਸਿਟੀ ਕਾਊਂਸਲਰ ਗੈਰੀ ਕ੍ਰਾਅਫਰਡ ਖੜ੍ਹੇ ਹੋਏ ਹਨ। ਸਕਾਰਬਰੋ-ਸਾਊਥਵੈਸਟ ਤੋਂ ਉਹ ਕਾਊਂਸਲਰ ਵਜੋਂ ਆਪਣੀਆਂ ਚਾਰ ਟਰਮਜ਼ ਪੂਰੀਆਂ ਕਰ ਚੁੱਕੇ ਹਨ। ਸਾਬਕਾ ਮੇਅਰ ਜੌਹਨ ਟੋਰੀ ਵੱਲੋਂ ਵੀ ਕ੍ਰਾਅਫਰਡ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।

ਲਿਬਰਲਾਂ ਵੱਲੋਂ ਪ੍ਰੈਜ਼ੀਡੈਂਟ ਆਫ ਦ ਸਕਾਰਬਰੋ ਬਿਜ਼ਨਸ ਐਸੋਸਿਏਸ਼ਨ ਐਂਡ ਕਮਿਊਨਿਟੀ ਐਡਵੋਕੇਟ ਐਂਡਰੀਆ ਹੇਜ਼ਲ ਨੂੰ ਇਸ ਸੀਟ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ। ਐਨਡੀਪੀ ਦੀ ਉਮੀਦਵਾਰ ਥਾਡਸਾ ਨਵਨੀਥਨ ਵੀ ਮੈਦਾਨ ਵਿੱਚ ਹੈ। ਉਸ ਦਾ ਮੰਨਣਾ ਹੈ ਕਿ ਮੇਅਰ ਓਲੀਵੀਆ ਚਾਓ ਦੀ ਜਿੱਤ ਨਾਲ ਵੋਟਰਾਂ ਦੀ ਨਬਜ਼ ਪਛਾਣੀ ਜਾ ਸਕਦੀ ਹੈ ਤੇ ਇਸ ਵਾਰੀ ਇਸ ਸੀਟ ਤੋਂ ਐਨਡੀਪੀ ਦੇ ਜਿੱਤਣ ਦੀ ਪੂਰੀ ਸੰਭਾਵਨਾ ਹੈ।