-ਉੱਚ ਅਧਿਕਾਰੀਆਂ ਦੀ ਹਾਜ਼ਰੀ ‘ਚ ਸਿੱਖ ਭਾਈਚਾਰੇ ਦੀ ਭਰਪੂਰ ਸਰਾਹਨਾ
ਗਲਾਸਗੋ/ਸਟਾਰ ਨਿਊਜ਼/(ਮਨਦੀਪ ਖੁਰਮੀ ਹਿੰਮਤਪੁਰਾ) “ਬੇਸ਼ੱਕ ਸਮੁੱਚਾ ਸਕਾਟਲੈਂਡ ਵੱਖ ਵੱਖ ਭਾਈਚਾਰਿਆਂ ਦੀ ਏਕਤਾ ਦੀ ਮਿਸਾਲ ਹੈ ਪਰ ਸਮਾਜਸੇਵੀ ਕਾਰਜਾਂ ਅਤੇ ਹੋਰਨਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿਣ ਦੇ ਜਜ਼ਬੇ ਕਾਰਨ ਸਿੱਖ ਭਾਈਚਾਰੇ ਨੇ ਆਪਣੀ ਨਿਵੇਕਲੀ ਪਛਾਣ ਕਾਇਮ ਕੀਤੀ ਹੋਈ ਹੈ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਲੌਰਡ ਪ੍ਰੋਵੋਸਟ ਈਵਾ ਬਲਾਂਡਰ ਨੇ ਸਿਟੀ ਚੈਬਰਜ਼ ਗਲਾਸਗੋ ਵਿਖੇ ਸਿੱਖ ਭਾਈਚਾਰੇ ਦੇ ਸਨਮਾਨ ਵਿੱਚ ਬੋਲਦਿਆਂ ਵਿਸ਼ੇਸ਼ ਸਮਾਗਮ ਦੌਰਾਨ ਕੀਤਾ। ਉਹਨਾਂ ਸਮੁੱਚੀ ਇਨਸਾਨੀਅਤ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ‘ਤੇ ਇਸ ਗੱਲੋਂ ਵੀ ਮਾਣ ਕਰਨਾ ਬਣਦਾ ਹੈ ਕਿ ਉਹ ਆਪਣੇ ਗੁਰੁ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਅੱਗੇ ਵਧ ਰਹੇ ਹਨ। ਇਸ ਸਮੇਂ ਗੁਰਦੁਆਰਾ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ, ਸੈਂਟਰਲ ਗੁਰਦੁਆਰਾ ਸਾਹਿਬ ਵੱਲੋਂ ਸੁਰਜੀਤ ਸਿੰਘ ਚੌਧਰੀ, ਗੁਰੁ ਨਾਨਕ ਦੇਵ ਜੀ ਗੁਰਦੁਆਰਾ ਵੱਲੋਂ ਭੁਪਿੰਦਰ ਸਿੰਘ ਬਰਮੀਂ ਤੇ ਮਰਦਾਨਾ ਸਿੰਘ ਵੱਲੋਂ ਈਵਾ ਬਲਾਂਡਰ ਨੂੰ ਯਾਦ ਨਿਸ਼ਾਨੀ ਭੇਂਟ ਕੀਤੀ ਗਈ। ਇਸ ਸਮੇਂ ਲੌਰਡ ਪ੍ਰੋਵੋਸਟ ਈਵਾ ਬਲਾਂਡਰ ਤੋਂ ਇਲਾਵਾ ਰਵਿੰਦਰ ਕੌਰ ਨਿੱਝਰ, ਸੁਰਜੀਤ ਸਿੰਘ ਤੇ ਚਰਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ।