ਸ਼ੰਘਾਈ, ਐਲੇਗਜ਼ੈਂਡਰ ਜ਼ਵੇਰੇਵ ਨੇ ਫਰਾਂਸ ਦੇ ਜੈਰੇਮੀ ਚਾਰਡੀ ਨੂੰ ਹਰਾ ਕੇ ਸ਼ੰਘਾਈ ਮਾਸਟਰਜ਼ ਟੈਨਿਸ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਦਾਖ਼ਲਾ ਹਾਸਲ ਕਰ ਲਿਆ ਹੈ। ਹਾਲਾਂਕਿ ਮੈਚ ਦੌਰਾਨ ਗਲਤੀ ਨਾਲ ਉਨ੍ਹਾਂ ਦਾ ਰੈਕੇਟ ਹੱਥੋਂ ਖ਼ਿਸਕ ਕੇ ਦਰਸ਼ਕਾਂ ਵਿਚ ਜਾ ਡਿੱਗਿਆ।
ਜ਼ਵੇਰੇਵ ਨੇ 7-6, 7-6 ਨਾਲ ਜਿੱਤ ਹਾਸਲ ਕੀਤੀ। ਕਾਫ਼ੀ ਦਿਲਚਸਪ ਰਹੇ ਇਸ ਮੈਚ ਵਿਚ ਜ਼ਵੇਰੇਵ ਨੇ ਇਕ ਟੀਵੀ ਕੈਮਰਾਮੈਨ ਤੋਂ ਵੀ ਮੁਆਫ਼ੀ ਮੰਗੀ ਜਦ ਉਸ ਦੇ ਸ਼ਾਟ ’ਤੇ ਗੇਂਦ ਕੈਮਰਾਮੈਨ ਦੇ ਜਬਾੜੇ ’ਤੇ ਲੱਗੀ। ਪਹਿਲੇ ਸੈੱਟ ਵਿਚ ਜ਼ਵੇਰੇਵ ਨੂੰ ਡਾਕਟਰ ਦੀ ਮਦਦ ਲੈਣੀ ਪਈ। ਇਸ ਤੋਂ ਬਾਅਦ ਪਹਿਲਾ ਸੈੱਟ ਟਾਈਬ੍ਰੇਕ ਵਿਚ ਜਿੱਤਣ ਤੋਂ ਬਾਅਦ ਉਨ੍ਹਾਂ ਜ਼ਮੀਨ ਉੱਤੇ ਰੈਕੇਟ ਤੋੜ ਦਿੱਤਾ। ਸੰਸਾਰ ਦਰਜਾਬੰਦੀ ਵਿਚ ਛੇਵੇਂ ਸਥਾਨ ’ਤੇ ਬਰਕਰਾਰ ਜ਼ਵੇਰੇਵ ਦਾ ਇਸ ਸੈਸ਼ਨ ਵਿਚ ਪ੍ਰਦਰਸ਼ਨ ਖਰਾਬ ਰਿਹਾ ਹੈ। ਉਨ੍ਹਾਂ ਦਾ ਰੈਕੇਟ ਹੱਥੋਂ ਖ਼ਿਸਕ ਕੇ ਦੂਜੇ ਸੈੱਟ ਵਿਚ ਦਰਸ਼ਕਾਂ ਕੋਲ ਡਿੱਗਿਆ ਸੀ।
ਇਸ ਤੋਂ ਇਲਾਵਾ ਐਂਡੀ ਮਰੇ ਭਾਵੇਂ ਸ਼ੰਘਾਈ ਓਪਨ ਵਿਚੋਂ ਬਾਹਰ ਹੋ ਗਏ ਹਨ ਪਰ ਸੱਟ ਤੋਂ ਉੱਭਰਨ ਮਗਰੋਂ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। 32 ਸਾਲਾ ਖਿਡਾਰੀ ਨੇ ਵੱਡੀ ਸਰਜਰੀ ਤੋਂ ਬਾਅਦ ਵਾਪਸੀ ਕੀਤੀ ਸੀ ਜਿਸ ਦੀ ਪਹਿਲਾਂ ਉਨ੍ਹਾਂ ਨੂੰ ਆਸ ਨਹੀਂ ਸੀ।