ਅੰਮ੍ਰਿਤਸਰ, 20 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਦਿੱਲੀ ਸਥਿਤ ਜੰਤਰ ਮੰਤਰ ’ਤੇ ਧਰਨੇ ’ਤੇ ਬੈਠੇ ਪਹਿਲਵਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦਾ ਵਫਦ ਜਲਦੀ ਹੀ ਦਿੱਲੀ ਜਾਵੇਗਾ ਅਤੇ ਧਰਨਾਕਾਰੀਆਂ ਨੂੰ ਮਿਲੇਗਾ।
ਅੱਜ ਦੀ ਮੀਟਿੰਗ ਵਿੱਚ ਵਿਚਾਰੇ ਮੁੱਦਿਆਂ ਬਾਰੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਵਾਸਤੇ ਨਿਯਮ ਤਿਆਰ ਕਰਨ ਬਾਰੇ ਕਮੇਟੀ ਬਣਾਈ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਵਾਦ ਮਾਮਲੇ ’ਤੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਸਿੱਖ ਧਰਮ, ਕਕਾਰਾਂ ਅਤੇ ਗੁਰੂ ਸਹਿਬਾਨ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਗੁਰਦੁਆਰਿਆਂ ਵਿੱਚ ਹੋ ਰਹੀਆਂ ਬੇਅਦਬੀਆਂ ਸ਼੍ਰੋਮਣੀ ਕਮੇਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧ ਵਿਚ ਸਰਕਾਰਾਂ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਮੁੜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੰਪਰਕ ਕੀਤਾ ਜਾਵੇਗਾ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵੀ ਮਿਲਣ ਜਾਣ ਵਾਸਤੇ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਸੁਰੱਖਿਆ ਅਤੇ ਚੌਕਸੀ ਨੂੰ ਵਧਾਉਣ ਦਾ ਮਾਮਲਾ ਵੀ ਵਿਚਾਰਿਆ ਗਿਆ ਹੈ।