ਅੰਮ੍ਰਿਤਸਰ, ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਦੇ ਇਛੁੱਕ ਸ਼ਰਧਾਲੂਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਕਾਊਂਟਰ ਖੋਲ੍ਹਣ ਦੀ ਪੇਸ਼ਕਸ਼ ਰੱਖੀ ਹੈ।
ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਜਥੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਰਹੇ ਹਨ ਪਰ ਸ਼ਰਧਾਲੂਆਂ ਦੀ ਗਿਣਤੀ ਘੱਟ ਹੈ, ਜਿਸ ਦਾ ਵੱਡਾ ਕਾਰਨ ਗੁਰਦੁਆਰਾ ਕਰਤਾਰਪੁਰ ਜਾਣ ਲਈ ਬਣਾਈ ਗਈ ਗੁੰਝਲਦਾਰ ਪ੍ਰਕਿਰਿਆ ਹੈ। ਫਿਲਹਾਲ ਸ਼ਰਧਾਲੂਆਂ ਨੂੰ ਇਸ ਸਬੰਧੀ ਫਾਰਮ ਭਰਨ ਵਿੱਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਇਸ ਸਬੰਧੀ ਵਿਭਾਗ ਵੱਲੋਂ ਭੇਜੀ ਗਈ ਜਾਣਕਾਰੀ ਪ੍ਰਾਪਤ ਕਰਨਾ ਵੀ ਔਖਾ ਹੋਇਆ ਪਿਆ ਹੈ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਹਰ ਰੋਜ਼ ਕਰੀਬ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਭੇਜਣ ਦਾ ਸਮਝੌਤਾ ਹੋਇਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਸਬੰਧ ਵਿੱਚ ਸ਼ਰਧਾਲੂਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁਰਦੁਆਰਿਆਂ ਵਿੱਚ ਮੱਦਦ ਕਾਊਂਟਰ ਖੋਲ੍ਹਣ ਲਈ ਤਿਆਰ ਹੈ ਤਾਂ ਜੋ ਸ਼ਰਧਾਲੂਆਂ ਨੂੰ ਪ੍ਰਵਾਨਗੀ ਲੈਣ ਸਬੰਧੀ ਫਾਰਮ ਭਰਨ ਵਿੱਚ ਮਦਦ ਮਿਲ ਸਕੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨੇ ਇਹ ਵੀ ਦੱਸਿਆ ਹੈ ਕਿ ਉੱਥੇ ਲੰਗਰ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਵਿਖੇ ਰੋਜ਼ਾਨਾ ਕੀਰਤਨੀ ਜਥਾ ਭੇਜਣ ਦੀ ਤਜਵੀਜ਼ ਵੀ ਹੈ। ਜੇਕਰ ਇਸ ਸਬੰਧੀ ਮਨਜ਼ੂਰੀ ਮਿਲਦੀ ਹੈ ਤਾਂ ਇਹ ਰਾਗੀ ਜਥੇ ਦਿਨ ਭਰ ਗੁਰਦੁਆਰਾ ਕਰਤਾਰਪੁਰ ਵਿਖੇ ਕੀਰਤਨ ਕਰਨ ਮਗਰੋਂ ਸ਼ਾਮ ਨੂੰ ਆਮ ਸੰਗਤ ਨਾਲ ਹੀ ਵਾਪਸ ਪਰਤ ਆਉਣਗੇ।