ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਾਅ ਵਾਸਤੇ ਵਧ ਰਹੀ ਸਰਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲੀ ਮਾਰਕੀਟ ਵਿੱਚ ਇੱਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਉਣ ਦੀ ਮੁੜ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਵਾਸਤੇ ਬਜਟ ਵਿੱਚ ਵੀ ਦਸ ਕਰੋੜ ਰੁਪਏ ਰੱਖੇ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਅਕਾਲੀ ਮਾਰਕੀਟ ਵਿੱਚ ਸ਼੍ਰੋਮਣੀ ਕਮੇਟੀ ਕੋਲ ਲਗਭਗ ਪੰਜ ਏਕੜ ਜ਼ਮੀਨ ਹੈ। ਇਸ ਜ਼ਮੀਨ ਵਿੱਚ ਸੌ ਤੋਂ ਵੱਧ ਦੁਕਾਨਾਂ ਬਣੀਆਂ ਹੋਈਆਂ ਹਨ ਅਤੇ ਜ਼ਮੀਨ ਦਾ ਵੱਡਾ ਹਿੱਸਾ ਖਾਲੀ ਹੈ। ਇਸ ਜ਼ਮੀਨ ’ਤੇ ਪਹਿਲਾਂ ਵੀ ਸਰਾਂ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਉਸ ਵੇਲੇ ਇਸ ਸਬੰਧੀ ਨਕਸ਼ਾ ਵੀ ਤਿਆਰ ਕੀਤਾ ਗਿਆ ਸੀ ਪਰ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ। ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਵੇਲੇ ਇਸ ਜਗ੍ਹਾ ’ਤੇ ਵੱਡਾ ਅਜਾਇਬ ਘਰ ਬਣਾਉਣ ਦੀ ਵੀ ਯੋਜਨਾ ਤਿਆਰ ਕੀਤੀ ਸੀ ਪਰ ਇਹ ਯੋਜਨਾ ਵੀ ਅਮਲੀ ਰੂਪ ਨਾ ਲੈ ਸਕੀ। ਹੁਣ ਇੱਕ ਵਾਰ ਮੁੜ ਇਸ ਜ਼ਮੀਨ ’ਤੇ ਇਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਉਣ ਦੀ ਯੋਜਨਾ ਹੈ। ਇਸ ਸਬੰਧ ਵਿੱਚ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਵਿੱਚ ਦਸ ਕਰੋੜ ਰੁਪਏ ਵੀ ਰੱਖੇ ਗਏ ਹਨ। ਇਹ ਰਕਮ ਸਿਰਫ ਪਹਿਲੇ ਪੜਾਅ ਦੀ ਉਸਾਰੀ ਲਈ ਰੱਖੀ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਜ਼ਮੀਨ ’ਤੇ ਉਸਾਰੀ ਜਾਣ ਵਾਲੀ ਸਰਾਂ ਦਾ ਨਕਸ਼ਾ ਲੁਧਿਆਣਾ ਦੀ ਇਕ ਕੰਪਨੀ ਕੋਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਜੇਕਰ ਇਹ ਯੋਜਨਾ ਅਮਲ ਵਿੱਚ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਸ਼ਰਧਾਲੂਆਂ ਲਈ ਕਮਰਿਆਂ ਦੀ ਪੇਸ਼ ਆਉਂਦੀ ਮੁਸ਼ਕਲ ਵਿੱਚ ਵੱਡੀ ਰਾਹਤ ਮਿਲੇਗੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਰਾਹ ਵਿੱਚ ਆਉਂਦੇ ਅੜਿੱਕੇ ਖ਼ਤਮ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਰਾਵਾਂ ਦੀ ਵੱਡੀ ਲੋੜ ਹੈ ਪਰ ਇੱਥੇ ਥਾਂ ਦੀ ਘਾਟ ਕਾਰਨ ਅਜਿਹਾ ਸੰਭਵ ਨਹੀਂ ਹੈ। ਜੇਕਰ ਅਕਾਲੀ ਮਾਰਕੀਟ ਵਿੱਚ ਇਕ ਹਜ਼ਾਰ ਕਮਰੇ ਦੀ ਸਰਾਂ ਦੀ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਇਸ ਨਾਲ ਵੱਡੀ ਰਾਹਤ ਮਿਲੇਗੀ।
ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਇਸ ਥਾਂ ਵਿੱਚ ਕਾਬਜ਼ ਦੁਕਾਨਦਾਰਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਦੁਕਾਨਦਾਰਾਂ ਨੂੰ ਸਿੱਖ ਸੰਸਥਾ ਵੱਲੋਂ ਦੁਕਾਨਾਂ ਦੀ ਥਾਂ ’ਤੇ ਦੁਕਾਨਾਂ ਦੇ ਦਿੱਤੀਆਂ ਜਾਣਗੀਆਂ ਅਤੇ ਜਗ੍ਹਾ ਖਾਲੀ ਹੋਣ ਮਗਰੋਂ ਤੁਰੰਤ ਸਰਾਂ ਦੀ ਉਸਾਰੀ ਲਈ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬ ਕਮੇਟੀ ਦੀ ਮੀਟਿੰਗ ਜਲਦੀ ਹੋਵੇਗੀ ਤਾਂ ਜੋ ਇਸ ਯੋਜਨਾ ਸਬੰਧੀ ਅਗਲੀ ਕਾਰਵਾਈ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਅੱਧੇ ਤੋਂ ਵਧੇਰੇ ਦੁਕਾਨਦਾਰ ਸ਼੍ਰੋਮਣੀ ਕਮੇਟੀ ਦੀ ਪੇਸ਼ਕਸ਼ ਨੂੰ ਸਹਿਮਤੀ ਦੇ ਚੁੱਕੇ ਹਨ ਅਤੇ ਬਾਕੀ ਰਹਿੰਦੇ ਦੁਕਾਨਦਾਰਾਂ ਨੂੰ ਵੀ ਰਜ਼ਾਮੰਦ ਕਰ ਲਿਆ ਜਾਵੇਗਾ। ਇਸ ਵੱਡੀ ਸਰਾਂ ਵਾਸਤੇ ਆਵਾਜਾਈ ਲਈ ਰਸਤਾ ਖੁੱਲ੍ਹਾ ਕਰਨ ਵਾਸਤੇ ਇੱਕ ਪਾਸੇ ਸਾਢੇ ਪੰਜ ਸੌ ਗਜ਼ ਜਗ੍ਹਾ ਖਰੀਦੀ ਜਾ ਚੁੱਕੀ ਹੈ ਅਤੇ ਦੂਜੇ ਪਾਸੇ ਵੀ ਇਸ ਸਬੰਧੀ ਯਤਨ ਜਾਰੀ ਹਨ। ਪ੍ਰਸਤਾਵਿਤ ਸਰਾਂ ਵਿੱਚ ਵੱਡੀ ਪਾਰਕਿੰਗ ਅਤੇ ਦੁਕਾਨਾਂ ਵੀ ਬਣਨਗੀਆਂ।