ਬਠਿੰਡਾ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਆਖਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸੱਚ ਉਜਾਗਰ ਕਰ ਦਿੱਤਾ ਹੈ, ਜਿਸ ਕਰਕੇ ਹੁਣ ਅਕਾਲੀਆਂ ਨੂੰ ਲੋਕ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ ਅਤੇ ਅਕਾਲੀ ਦਲ (ਬਾਦਲ) ਦੀ ਹੋਂਦ ਖਤਰੇ ਵਿੱਚ ਪੈ ਗਈ ਹੈ। ਉਨ੍ਹਾਂ ਆਖਿਆ ਕਿ ਬੇਅਦਬੀ ਦੀਆਂ ਘਟਨਾਵਾਂ ਕਰਕੇ ਲੋਕਾਂ ਵਿੱਚ ਰੋਸ ਹੈ ਅਤੇ ਹੁਣ ਸੱਚ ਸਾਹਮਣੇ ਆਉਣ ਕਰਕੇ ਲੋਕਾਂ ਦਾ ਰੋਸ ਅਕਾਲੀਆਂ ਪ੍ਰਤੀ ਹੋਰ ਵਧ ਗਿਆ ਹੈ।
ਉਨ੍ਹਾਂ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਅਕਾਲੀ ਦਲ (ਬਾਦਲ) ਦੇ ਲੀਡਰਾਂ ਲਈ ਹੁਣ ਹਾਲਾਤ ਸੁਖਾਵੇਂ ਨਹੀਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਸ਼ਵਰਾ ਦਿੱਤਾ ਕਿ ਉਹ ਬਾਦਲਾਂ ਦੇ ਲੀਡਰਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਮੈਨੇਜਰਾਂ ਨੂੰ ਫ਼ੌਰੀ ਜ਼ੈੱਡ ਪਲੱਸ ਸੁਰੱਖਿਆ ਦੇਣ ਅਤੇ ਬਾਦਲਾਂ ਦੀ ਖ਼ੁਦ ਦੀ ਸੁਰੱਖਿਆ ਲਈ ਅਰਧ ਸੈਨਿਕ ਬਲ ਲਾਏ ਜਾਣ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਤਹਿਤ ਵਿਦੇਸ਼ਾਂ ਵਿੱਚ ਚੱਲਦੇ ਗੁਰਧਾਮਾਂ ਦੀ ਸੁਰੱਖਿਆ ਵਧਾਈ ਜਾਵੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਵਿੱਚ ਕਾਂਗਰਸ ਅਤੇ ‘ਆਪ’ ਤੋਂ ਮਾਰ ਖਾਣੀ ਪਈ ਹੈ, ਜਿਸ ਕਰਕੇ ਅਕਾਲੀ ਵਿਧਾਇਕ ਵਿਧਾਨ ਸਭਾ ਦਾ ਮੈਦਾਨ ਹੀ ਛੱਡ ਕੇ ਭੱਜ ਆਏ। ਮਾਨ ਨੇ ਆਖਿਆ ਕਿ ਬਾਦਲ ਤੇ ਮਜੀਠੀਆ ਪਰਿਵਾਰ ਹੁਣ ਨਵੇਂ ਹਾਲਾਤ ਵਿੱਚ ਵਿਦੇਸ਼ ਉਡਾਰੀ ਮਾਰ ਸਕਦੇ ਹਨ, ਜਿਸ ਕਰਕੇ ਸਰਕਾਰ ਫ਼ੌਰੀ ਤੌਰ ’ਤੇ ਬਾਦਲ ਤੇ ਮਜੀਠੀਆ ਪਰਵਾਰ ਦੇ ਪਾਸਪੋਰਟ ਜ਼ਬਤ ਕਰੇ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੂੰ ਵੀ ਸਪਸ਼ਟ ਕਰਨ ਵਾਸਤੇ ਆਖਿਆ ਕਿ ਉਹ (ਹਰਨਾਮ ਸਿੰਘ) ਬੇਅਦਬੀ ਕਰਨ ਵਾਲੇ ਮੁਲਜ਼ਮਾਂ ਦੇ ਨਾਲ ਹਨ ਜਾਂ ਗੁਰੂ ਦੇ ਨਾਲ ਹਨ। ਉਨ੍ਹਾਂ ਆਖਿਆ ਕਿ ਦਿਨਾਂ ਵਿੱਚ ਹੀ ਬਾਦਲ ਪਰਿਵਾਰ ਕਰੋੜਾਂ ਦੀ ਸੰਪਤੀ ਦਾ ਕਿਵੇਂ ਮਾਲਕ ਬਣ ਗਿਆ। ਉਨ੍ਹਾਂ ਆਖਿਆ ਕਿ ਜੇਕਰ ਕੈਪਟਨ ਸਰਕਾਰ ਨੇ ਹੁਣ ਵੀ ਇਸ ਮਾਮਲੇ ਵਿੱਚ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸਾਫ਼ ਹੋਵੇਗਾ ਕਿ ਕੈਪਟਨ ਅਮਰਿੰਦਰ ਹਾਲੇ ਵੀ ਬਾਦਲਾਂ ਦਾ ਪੱਖ ਪੂਰ ਰਿਹਾ ਹੈ। ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਾਦਲ ਪਰਿਵਾਰ ਅਤੇ ਅਕਾਲੀ ਲੀਡਰਾਂ ਦਾ ਸਮਾਜਿਕ ਬਾਈਕਾਟ ਕਰਨ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਮੌੜ ਬੰਬ ਕਾਂਡ ਦੀ ਜਾਂਚ ਹਾਲੇ ਤੱਕ ਸਰਕਾਰ ਨੇ ਕਿਸੇ ਤਣ ਪਤਣ ਨਹੀਂ ਲਾਈ ਹੈ। ਸ੍ਰੀ ਮਾਨ ਨੇ ਨਵਜੋਤ ਸਿੱਧੂ ਵੱਲੋਂ ਸੁਖਜਿੰਦਰ ਰੰਧਾਵਾ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਅਗਵਾਈ ਕਰਨ ਦੇ ਸੱਦੇ ਦਾ ਸਵਾਗਤ ਕੀਤਾ।