ਕੋਲੰਬੋ— ਸ਼੍ਰੀਲੰਕਾ ਦੇ ਅੰਤਰਿਮ ਕੋਚ ਨਿਕ ਪੋਥਾਸ ਦਾ ਮੰਨਣਾ ਹੈ ਕਿ ਭਾਰਤੀ ਟੀਮ ਕਾਫੀ ਜ਼ਾਲਮ ਮੁਕਾਬਲੇਬਾਜ਼ ਹੈ ਅਤੇ ਉਨ੍ਹਾਂ ਦੀ ਟੀਮ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬਣਾਏ ਤੌਰ-ਤਰੀਕੇ ਸਿੱਖਣੇ ਚਾਹੀਦੇ ਹਨ। ਭਾਰਤ ਨੇ ਬੁੱਧਵਾਰ ਨੂੰ ਇਕਮਾਤਰ ਟੀ-20 ਮੈਚ ‘ਚ ਵੀ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਦੌਰੇ ਦੇ ਸਾਰੇ 9 ਮੈਚ ਜਿੱਤ ਲਏ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੈਸਟ ਸੀਰੀਜ਼ 3-0 ਅਤੇ ਇਕ ਰੋਜ਼ਾ ਸੀਰੀਜ਼ 5-0 ਨਾਲ ਜਿੱਤੀ ਸੀ।
ਪੋਥਾਸ ਨੇ ਭਾਰਤੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ, ”ਸਾਡੀ ਟੀਮ ਅਜੇ ਵੀ ਵਿਕਾਸ ਦੀ ਪ੍ਰਕਿਰਿਆ ‘ਚ ਹੈ। ਭਾਰਤੀ ਟੀਮ ਸੰਪੂਰਨ ਹੈ ਅਤੇ ਉਸ ‘ਚ ਜ਼ਬਰਦਸਤ ਕਾਬਲੀਅਤ ਹੈ। ਉਨ੍ਹਾਂ ਦੇ ਖਿਲਾਫ ਖੇਡਣਾ ਜਾਂ ਉਨ੍ਹਾਂ ਨੂੰ ਹਰਾਉਣਾ ਮੁਸ਼ਕਲ ਹੀ ਸੀ।” ਉਨ੍ਹਾਂ ਕਿਹਾ, ”ਸਾਨੂੰ ਕੋਈ ਹੋਰ ਮੁਕਾਬਲੇਬਾਜ਼ੀ ਰੁਖ ਅਪਣਾਉਣਾ ਚਾਹੀਦਾ ਸੀ। ਸਾਨੂੰ ਭਾਰਤੀ ਟੀਮ ਤੋਂ ਖੇਡ ਦੇ ਤੌਰ-ਤਰੀਕੇ ਸਿਖਣੇ ਹੋਣਗੇ। ਤੁਸੀਂ ਵਿਰਾਟ ਕੋਹਲੀ ਦੀ ਵਿਕਟਾਂ ਦੇ ਵਿਚਾਲੇ ਦੌੜ ਦੇਖੀ ਹੈ। ਮੈਦਾਨ ‘ਤੇ ਬਤੌਰ ਕਪਤਾਨ ਉਸ ਨੂੰ ਕਿੰਨਾ ਸਨਮਾਨ ਮਿਲਦਾ ਹੈ। ਉਹ ਲੋਕਾਂ ਦੇ ਰੋਲ ਮਾਡਲ ਹਨ।”
ਉਨ੍ਹਾਂ ਬੁੱਧਵਾਰ ਨੂੰ ਖੇਡੇ ਗਏ ਮੈਚ ਦੇ ਬਾਰੇ ਕਿਹਾ, ”ਵਿਰਾਟ ਨੇ ਟੀਮ ਦੇ ਅੰਦਰ ਜੋ ਸੰਸਕ੍ਰਿਤੀ ਬਣਾਈ ਹੈ, ਉਹ ਕਾਫੀ ਪ੍ਰਭਾਵੀ ਹੈ। ਉਹ ਵਿਰੋਧੀਆਂ ਦਾ ਸਨਮਾਨ ਕਰਦੇ ਹਨ ਪਰ ਮੈਦਾਨ ‘ਤੇ ਕੋਈ ਰਿਆਇਤ ਨਹੀਂ ਦਿਖਾਉਂਦੇ। ਉਨ੍ਹਾਂ ਦੇ ਖੇਡ ਦੇ ਤੌਰ-ਤਰੀਕੇ ਕਾਬਿਲੇ ਤਾਰੀਫ ਹਨ।” ਪੋਥਾਸ ਨੇ ਕਿਹਾ, ”ਉਹ ਅਜਿਹੀ ਟੀਮ ਹੈ ਜਿਸ ਤਰ੍ਹਾਂ ਦੀ ਟੀਮ ਹਰ ਕੋਈ ਬਣਾਉਣਾ ਚਾਹੁੰਦਾ ਹੈ। ਸਾਡੇ ਲਈ ਗਲਤੀਆਂ ਤੋਂ ਸਬਕ ਲੈਣਾ ਅਹਿਮ ਹੈ ਪਰ ਸਭ ਤੋਂ ਜ਼ਰੂਰੀ ਭਾਰਤੀ ਟੀਮ ਤੋਂ ਸਿਖਣਾ ਹੈ।”