ਕੋਲੰਬੋ, 4 ਅਕਤੂਬਰ

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਦੂਜੀ ਸੰਸਾਰ ਜੰਗ ਦੇ ਸਮੇਂ ਬਣਾਈ ਗਈ ਤੇਲ ਭੰਡਾਰ ਕਰਨ ਵਾਲੀ ਇਕਾਈ ਦਾ ਦੌਰਾ ਕੀਤਾ ਜੋ ਕਿ ਰਣਨੀਤਕ ਤੌਰ ਉਤੇ ਅਹਿਮ ਬੰਦਰਗਾਹ ਸ਼ਹਿਰ ਟ੍ਰਿੰਕੋਮਾਲੀ (ਸ੍ਰੀਲੰਕਾ) ਵਿਚ ਸਥਿਤ ਹੈ। ਇਹ ਮੁਲਕ ਦਾ ਪੂਰਬੀ ਤੱਟ ਹੈ। ਇਹ ਬੰਦਰਗਾਹ ਦਹਾਕਿਆਂ ਬੱਧੀ ਦੁਵੱਲੀ ਆਰਥਿਕ ਭਾਈਵਾਲੀ ਦਾ ਕੇਂਦਰ ਰਹੀ ਹੈ। ਇਹ ਬੰਦਰਗਾਹ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਕੁਦਰਤੀ ਬੰਦਰਗਾਹਾਂ ਵਿਚੋਂ ਇਕ ਹੈ ਤੇ ਇਸ ਨੂੰ ਬਰਤਾਨੀਆ ਨੇ ਦੂਜੀ ਸੰਸਾਰ ਜੰਗ ਸਮੇਂ ਵਿਕਸਿਤ ਕੀਤਾ ਸੀ। 2003 ਤੋਂ ਲੰਕਾ ਆਈਓਸੀ ਜੋ ਕਿ ਸ੍ਰੀਲੰਕਾ ਵਿਚ ਇੰਡੀਅਨ ਆਇਲ ਦੀ ਇਕਾਈ ਹੈ, ਕੋਲ ਇੱਥੇ 99 ਟੈਂਕਾਂ ਦੀ ਲੀਜ਼ ਹੈ। ਇਹ ਲੀਜ਼ 35 ਸਾਲਾਂ ਲਈ ਹੈ ਤੇ ਸਾਲਾਨਾ ਇਕ ਲੱਖ ਡਾਲਰ ਅਦਾ ਕੀਤੇ ਜਾਂਦੇ ਹਨ। ਭਾਰਤੀ ਦੂਤਾਵਾਸ ਮੁਤਾਬਕ ਸ਼੍ਰਿੰਗਲਾ ਨੂੰ ਇਸ ਟੈਂਕ ਫਾਰਮ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋਰ ਸੰਭਾਵਨਾਵਾਂ ਬਾਰੇ ਵੀ ਵਿਚਾਰ-ਚਰਚਾ ਹੋਈ।

ਸ਼੍ਰਿੰਗਲਾ ਦਾ ਦੌਰਾ ਮਹੱਤਵਪੂਰਨ ਹੈ ਕਿਉਂਕਿ ਸ੍ਰੀਲੰਕਾ ਦੀਆਂ ਤੇਲ ਟਰੇਡ ਯੂਨੀਅਨਾਂ ਮੰਗ ਕਰ ਰਹੀਆਂ ਹਨ ਕਿ ਟੈਂਕਾਂ ਨੂੰ ਮੁਲਕ ਦੀ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਅਧੀਨ ਲਿਆਂਦਾ ਜਾਵੇ। ਭਾਰਤੀ ਵਿਦੇਸ਼ ਸਕੱਤਰ ਸ਼੍ਰਿੰਗਲਾ ਸ੍ਰੀਲੰਕਾ ਦੇ ਚਾਰ ਰੋਜ਼ਾ ਦੌਰੇ ਉਤੇ ਹਨ ਤੇ ਰਾਸ਼ਟਰਪਤੀ ਗੋਟਬਾਇਆ ਰਾਜਪਕਸਾ ਸਣੇ ਕਈ ਹੋਰਨਾਂ ਆਗੂਆਂ ਨਾਲ ਮੁਲਾਕਾਤ ਕਰਨਗੇ।