ਬਹੁਤ ਸੋਹਣਾ ਹਰਿਆ ਭਰਿਆ ਜੰਗਲ ਸੀ। ਜਿਸ ਦੇ ਇਕ ਪਾਸੇ ਘਾਹ ਅਤੇ ਝਾੜੀਆਂ ਦਾ ਮੈਦਾਨ ਸੀ। ਇਸ ਮੈਦਾਨ ਵਿਚ ਜੰਗਲੀ ਸਾਨ੍ਹ ਰਹਿੰਦੇ ਸਨ। ਕੋਈ ਵੀ ਜੰਗਲੀ ਜਾਨਵਰ ਉਨ੍ਹਾਂ ਦਾ ਛੇਤੀ ਸ਼ਿਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਜ਼ਿਆਦਾ ਤਾਕਤਵਰ ਤੇ ਖ਼ਤਰਨਾਕ ਸਿੰਗਾਂ ਦੇ ਮਾਲਕ ਸਨ। ਉਨ੍ਹਾਂ ਦੀ ਵੱਡੀ ਖਾਸੀਅਤ ਇਹ ਵੀ ਸੀ ਕਿ ਉਹ ਆਪਸ ਵਿਚ ਰਲ ਮਿਲ ਕੇ ਰਹਿੰਦੇ ਸਨ। ਉਨ੍ਹਾਂ ’ਚ ਆਪਸੀ ਵਿਸ਼ਵਾਸ ਬਹੁਤ ਸੀ। ਉਹ ਆਪਣੇ ਇਲਾਕੇ ਵਿਚ ਜਦੋਂ ਵੀ ਭੋਜਨ ਖਾਣ ਲਈ ਜਾਂਦੇ ਤਾਂ ਸਭ ਇਕ ਸਮੂਹ ਵਿਚ ਜਾਂਦੇ, ਉਨ੍ਹਾਂ ਦੇ ਤਾਕਤਵਰ ਸਾਨ੍ਹ ਆਪਣੇ ਸਮੂਹ ਦੀ ਰਖਵਾਲੀ ਕਰਦੇ ਸਨ ਕਿਉਂਕਿ ਸ਼ਿਕਾਰੀ ਹਮੇਸ਼ਾਂ ਕਮਜ਼ੋਰ ਜਾਨਵਰ ’ਤੇ ਹਮਲਾ ਕਰਦੇ ਹਨ। ਉਨ੍ਹਾਂ ਦਾ ਸ਼ਿਕਾਰ ਕਰਨ ਲਈ ਬਹੁਤ ਜੰਗਲੀ ਜਾਨਵਰ ਆਉਂਦੇ, ਪਰ ਕਈ ਵਾਰੀ ਖਾਲੀ ਹੱਥ ਚਲੇ ਜਾਂਦੇ। ਉਨ੍ਹਾਂ ਦਾ ਇਕ ਬਿਨਾਂ ਚੁਣਿਆ ਹੋਇਆ ਲੀਡਰ ਵੀ ਸੀ ਜੋ ਆਪਣੇ ਆਪ ਨੂੰ ਉਨ੍ਹਾਂ ਦਾ ਰਾਜਾ ਕਹਾਉਂਦਾ ਸੀ। ਉਹ ਬਹੁਤ ਫੁਕਰਾ ਤੇ ਲਾਲਚੀ ਸੀ। ਉਹ ਹਰ ਵਕਤ ਆਪਣੇ ਤੋਂ ਕਮਜ਼ੋਰਾਂ ’ਤੇ ਹੁਕਮ ਚਲਾਉਂਦਾ ਰਹਿੰਦਾ। ਸਮਾਂ ਬੀਤਦਾ ਗਿਆ ਤਾਂ ਇਕ ਦਿਨ ਕਿਸੇ ਹੋਰ ਇਲਾਕੇ ਦੇ ਕੁਝ ਸ਼ੇਰਾਂ ਨੇ ਉਨ੍ਹਾਂ ਦੇ ਇਲਾਕੇ ਦੀ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਸਾਨ੍ਹ ਇਸ ਆਉਣ ਵਾਲੇ ਖ਼ਤਰੇ ਤੋਂ ਅਣਜਾਣ ਸਨ। ਜਦੋਂ ਉਨ੍ਹਾਂ ਸ਼ੇਰਾਂ ਨੇ ਝਾੜੀਆਂ ਵਿਚੋਂ ਉਨ੍ਹਾਂ ਨੂੰ ਆਉਂਦਿਆਂ ਵੇਖਿਆ ਤਾਂ ਉਹ ਸਾਰੇ ਇਕਦਮ ਹਰਕਤ ਵਿਚ ਆ ਗਏ। ਉਹ ਸ਼ਿਕਾਰ ਕਰਨ ਲਈ ਅੱਗੇ ਵਧਣ ਹੀ ਲੱਗੇ ਸਨ ਤਾਂ ਉਨ੍ਹਾਂ ’ਚੋਂ ਇਕ ਵੱਡੇ ਤੇ ਸਿਆਣੇ ਸ਼ੇਰ ਨੇ ਕਿਹਾ, ‘ਰੁਕ ਜਾਵੋ। ਇਹ ਸਾਰੇ ਇਕ ਸਮੂਹ ਵਿਚ ਹਨ। ਆਪਾਂ ਤੋਂ ਚਾਹ ਕੇ ਵੀ ਇਨ੍ਹਾਂ ਦਾ ਸ਼ਿਕਾਰ ਨਹੀਂ ਕਰ ਹੋਣਾ।’ ਤਾਂ ਇਕ ਸ਼ੇਰ ਨੇ ਕਿਹਾ, ‘ਆਪਾਂ ਇਨ੍ਹਾਂ ਦਾ ਸ਼ਿਕਾਰ ਕਿਉਂ ਨਹੀਂ ਕਰ ਸਕਦੇ?’ ਇਹ ਸੁਣ ਕੇ ਸਿਆਣੇ ਸ਼ੇਰ ਨੇ ਕਿਹਾ, ‘ਆਪਾਂ ਤਾਂ ਜੰਗਲ ਦੇ ਸ਼ੇਰ ਹਾਂ, ਪਰ ਸ਼ੇਰਾਂ ਨੂੰ ਵੀ ਸਵਾ ਸ਼ੇਰ ਟੱਕਰ ਜਾਂਦੇ ਹਨ। ਆਪਣੀ ਸਿਆਣਪ ਇਹੀ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਦਾ ਆਪਸੀ ਵਿਸ਼ਵਾਸ ਤੋੜਿਆ ਜਾਵੇ। ਜਦੋਂ ਇਨ੍ਹਾਂ ਵਿਚ ਆਪਸੀ ਫੁੱਟ ਪੈ ਗਈ ਤਾਂ ਆਪਾਂ ਨੂੰ ਇਨ੍ਹਾਂ ਦਾ ਸ਼ਿਕਾਰ ਕਰਨਾ ਬਹੁਤ ਸੌਖਾ ਹੋ ਜਾਵੇਗਾ। ਫਿਰ ਦੂਜੇ ਸ਼ੇਰ ਨੇ ਕਿਹਾ, ‘ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਸ਼ਿਕਾਰੀਪਣ ਛੱਡਣਾ ਪੈਣਾ ਏ ਤੇ ਇਨ੍ਹਾਂ ਨਾਲ ਸਾਧਾਂ ਵਾਲਾ ਵਿਵਹਾਰ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਇਨ੍ਹਾਂ ਦਾ ਵਿਸ਼ਵਾਸ ਜਿੱਤੀਏ, ਫਿਰ ਬਾਅਦ ’ਚ ਇਕੱਲੇ-ਇਕੱਲੇ ਦਾ ਸ਼ਿਕਾਰ ਕਰਾਂਗੇ। ਸਿਆਣੇ ਕਹਿੰਦੇ ਹਨ ਕਿ ਆਪਣੇ ਮਤਲਬ ਲਈ ਕਈ ਵਾਰੀ ਗਧੇ ਨੂੰ ਵੀ ਪਿਉ ਕਹਿਣਾ ਪੈਂਦਾ ਏ।’
ਉਨ੍ਹਾਂ ਨੇ ਆਪਣੀ ਸੋਚੀ ਸਮਝੀ ਚਾਲ ਅਨਸੁਾਰ ਉਨ੍ਹਾਂ ਦੇ ਆਲੇ- ਦੁਆਲੇ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਸਾਰੇ ਸਾਨ੍ਹ ਡਰ ਗਏ ਕਿ ਜੰਗਲ ਦੇ ਖੂੰਖਾਰ ਸ਼ਿਕਾਰੀ ਕਿਤੇ ਸਾਡੇ ’ਚੋਂ ਕਿਸੇ ਦਾ ਸ਼ਿਕਾਰ ਨਾ ਕਰ ਲੈਣ, ਪਰ ਉਹ ਸ਼ੇਰ ਉਨ੍ਹਾਂ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਤਾਂ ਕਹਿੰਦੇ ਕਿ ਸਾਡੇ ਤੋਂ ਡਰੋ ਨਾ, ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ।
ਉਨ੍ਹਾਂ ਸਾਨ੍ਹਾਂ ’ਚੋਂ ਇਕ ਜੋ ਆਪਣੇ ਆਪ ਨੂੰ ਉਨ੍ਹਾਂ ਦਾ ਰਾਜਾ ਕਹਾਉਂਦਾ ਸੀ, ਉਸ ਨੇ ਬੜੀ ਦਲੇਰੀ ਨਾਲ ਕਿਹਾ, ‘ਮੈਂ ਇਸ ਇਲਾਕੇ ਦਾ ਰਾਜਾ ਹਾਂ, ਤੁਸੀਂ ਸਾਡੇ ਇਲਾਕੇ ਵਿਚ ਕੀ ਕਰਦੇ ਹੋ?’ ਤਾਂ ਉਸ ਸਿਆਣੇ ਸ਼ੇਰ ਨੇ ਕਿਹਾ, ‘ਅਸੀਂ ਤਾਂ ਰਾਹ ਭਟਕ ਗਏ ਸੀ। ਅਸੀਂ ਬਹੁਤ ਸਾਧ ਬਿਰਤੀ ਵਾਲੇ ਜਾਨਵਰ ਹਾਂ। ਜੇਕਰ ਤੁਹਾਡੀ ਆਗਿਆ ਹੋਵੇ ਤਾਂ ਕੀ ਅਸੀਂ ਕੁਝ ਦਿਨ ਤੁਹਾਡੀ ਸ਼ਰਨ ਵਿਚ ਰਹਿ ਸਕਦੇ ਹਾਂ।’ ਸ਼ੇਰਾਂ ਨੂੰ ਪਤਾ ਸੀ ਕਿ ਇਹ ਪ੍ਰਧਾਨਗੀ ਦਾ ਭੁੱਖਾ ਏ। ਇਹ ਇਕ ਨਾ ਇਕ ਦਿਨ ਆਪਣਿਆਂ ਦਾ ਖਾਤਮਾ ਜ਼ਰੂਰ ਕਰੇਗਾ। ਸ਼ੇਰਾਂ ਨੇ ਉਸ ਫੁਕਰੇ ਸਾਨ੍ਹ ਦੀ ਐੇਨੀ ਖੁਸ਼ਾਮਦ ਕੀਤੀ ਕਿ ਉਹ ਉਨ੍ਹਾਂ ਨੂੰ ਨਾਂਹ ਨਾ ਕਹਿ ਸਕਿਆ। ਉਸ ਨੇ ਕਿਹਾ, ‘ਕੋਈ ਨਾ ਰਹਿ ਲਵੋ। ਪਰ ਤੁਹਾਨੂੰ ਮੇਰਾ ਹਰ ਹੁਕਮ ਮੰਨਣਾ ਪੈਣਾ ਏ।’ ਸ਼ੇਰ ਤਾਂ ਇਹੋ ਭਾਲਦੇ ਸੀ। ਉਸ ਸਿਆਣੇ ਸ਼ੇਰ ਨੇ ਮਨੋਂ ਮਨੀ ਇਹ ਕਿਹਾ ਕਿ ਕਰ ਲੈ ਜਿੰਨਾ ਚਿਰ ਕਰਨੀ ਹੈ ਇਹ ਰਾਜਗਿਰੀ, ਤੈਨੂੰ ਤਾਂ ਅਸੀਂ ਸਭ ਤੋਂ ਪਿੱਛੋਂ ਖਾਣਾ ਏ। ਉਹ ਸਾਰੇ ਸ਼ੇਰ ਉਨ੍ਹਾਂ ਵਿਚ ਵਿਚਰਨ ਲੱਗੇ। ਉਨ੍ਹਾਂ ਨੇ ਕੁਝ ਕੁ ਦਿਨਾਂ ਵਿਚ ਹੀ ਉਨ੍ਹਾਂ ਪ੍ਰਤੀ ਆਪਣਾ ਵਿਸ਼ਵਾਸ ਕਾਇਮ ਕਰ ਲਿਆ। ਫਿਰ ਹੌਲੀ ਹੌਲੀ ਸ਼ੇਰਾਂ ਨੇ ਉਨ੍ਹਾਂ ’ਚ ਆਪਸੀ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ। ਉਹ ਸ਼ੇਰ ਆਪਣੀ ਚਾਲ ਖੇਡਦੇ ਤੇ ਉਸ ਫੁਕਰੇ ਸਾਨ੍ਹ ਨੂੰ ਕਹਿੰਦੇ ਕਿ ਅਸੀਂ ਤਾਂ ਤੁਹਾਨੂੰ ਹੀ ਇਸ ਇਲਾਕੇ ਦਾ ਰਾਜਾ ਬਣਾਉਣਾ ਚਾਹੁੰਦੇ ਹਾਂ, ਪਰ ਤੁਹਾਡੇ ਆਪਣੇ ਹੀ ਤੁਹਾਡਾ ਵਿਰੋਧ ਕਰਦੇ ਹਨ। ਉਹ ਸ਼ੇਰ, ਸਾਨ੍ਹ ਨੂੰ ਉਸ ਦੇ ਆਪਣਿਆਂ ਪ੍ਰਤੀ ਭੜਕਾਉਂਦੇ ਰਹਿੰਦੇ ਤੇ ਉਸ ਨੂੰ ਕਹਿੰਦੇ ਕਿ ਜੋ ਤੁਹਾਡੇ ਵਿਰੁੱਧ ਆਵਾਜ਼ ਉਠਾਉਂਦਾ ਏ, ਤੁਸੀਂ ਉਸ ਨੂੰ ਆਪਣੇ ਇਲਾਕੇ ਤੋਂ ਦੂਰ ਇਕੱਲੇ ਨੂੰ ਲੈ ਜਾਇਆ ਕਰੋ, ਅਸੀਂ ਤੁਹਾਡੇ ਉਸ ਵਿਰੋਧੀ ਨੂੰ ਮਾਰ ਦਿਆਂ ਕਰਾਂਗੇ। ਉਹ ਬੇਵਕੂਫ ਸਾਨ੍ਹ ਪ੍ਰਧਾਨਗੀ ਦੇ ਲਾਲਚ ’ਚ ਅੰਨ੍ਹਾ ਹੋ ਚੁੱਕਾ ਸੀ। ਉਹ ਸ਼ੇਰ ਹਰ ਦੂਜੇ ਤੀਜੇ ਦਿਨ ਆਪਣੀ ਚਾਲ ਖੇਡਦੇ ਤੇ ਵੇਖਦੇ -ਵੇਖਦੇ ਕੁਝ ਕੁ ਦਿਨਾਂ ਵਿਚ ਹੀ ਉਨ੍ਹਾਂ ਦੇ ਸਮੂਹ ਦੇ ਮੈਂਬਰ ਘਟਣੇ ਸ਼ੁਰੂ ਹੋ ਗਏ। ਉਹ ਸ਼ੇਰ ਉਸ ਫੁਕਰੇ ਸਾਨ੍ਹ ਦੀ ਜੈ- ਜੈ ਕਾਰ ਕਰਦੇ ਰਹਿੰਦੇ।
ਇਕ ਦਿਨ ਕੀ ਹੋਇਆ ਕਿ ਕੁਝ ਕੁ ਸਾਨ੍ਹਾਂ ਨੇ ਉਸ ਨੂੰ ਕਿਹਾ, ‘ਆਪਣਾ ਸਮੂਹ ਬਹੁਤ ਘਟਦਾ ਜਾ ਰਿਹੈ।’ ਫੁਕਰੇ ਸਾਨ੍ਹ ਨੇ ਜਵਾਬ ਦਿੱਤਾ, ‘ਫ਼ਿਕਰ ਨਾ ਕਰੋ, ਕੀ ਤਹਾਨੂੰ ਮੇਰੇ ’ਤੇ ਵਿਸ਼ਵਾਸ ਨਹੀਂ ਏ।’ ਬਾਕੀ ਸਾਨ੍ਹਾਂ ਨੇ ਕਿਹਾ, ‘ਸਾਨੂੰ ਤਾਂ ਪੂਰਾ ਵਿਸ਼ਵਾਸ ਏ, ਪਰ ਆਪਣੇ ਸਮੂਹ ਦੇ ਮੈਂਬਰ ਦਿਨ-ਬ-ਦਿਨ ਘਟਦੇ ਕਿਉਂ ਜਾਂਦੇ ਨੇ।’ ਉਸ ਨੇ ਇਸ ਦਾ ਕੀ ਜਵਾਬ ਦੇਣਾ ਸੀ ਕਿਉਂਕਿ ਉਹ ਮੂੰਹ ਦਾ ਮਿੱਠਾ ਤੇ ਦਿਲ ਦਾ ਬੇਈਮਾਨ ਸੀ। ਉਸ ਨੇ ਬੜੀ ਹੁਸ਼ਿਆਰੀ ਨਾਲ ਕਿਹਾ, ‘ਮੈਂ ਆਪਣੇ ਸਾਰੇ ਸਮੂਹ ਦੇ ਬਹਾਦਰ ਤੇ ਸਿਆਣੇ ਸਾਨ੍ਹਾਂ ਨੂੰ ਆਪਣੇ ਦੂਜੇ ਇਲਾਕੇ ਵੱਲ ਭੇਜ ਦਿੱਤਾ ਹੈ। ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਏ।’ ਦੂਜੇ ਸਾਨ੍ਹਾਂ ਨੂੰ ਡਰ ਇਹ ਵੀ ਸੀ ਕਿ ਇਸ ਨੇ ਪਤਾ ਨਹੀਂ ਕਿਹੜੇ ਲਾਲਚ ਵਿਚ ਆ ਕਿ ਗ਼ਲਤ ਜਾਨਵਰਾਂ ਨੂੰ ਆਪਣਾ ਦੋਸਤ ਬਣਾ ਲਿਆ ਏ। ਉਹ ਸ਼ੇਰ ਉਸ ਫੁਕਰੇ ਸਾਨ੍ਹ ਦੀ ਜੈ -ਜੈ ਕਾਰ ਕਰਦੇ ਰਹਿੰਦੇ ਤੇ ਦੂਜੇ ਤੀਜੇ ਦਿਨ ਉਨ੍ਹਾਂ ਦਾ ਸਾਥੀ ਮਾਰ ਕੇ ਖਾ ਜਾਂਦੇ। ਅੱਜ ਉਸ ਸਾਨ੍ਹ ਦੇ ਇਲਾਕੇ ਵਿਚ ਸਿਰਫ਼ ਉਹੀ ਫੁਕਰਾ ਸਾਨ੍ਹ ਰਹਿ ਗਿਆ ਸੀ। ਉਹ ਆਪਣੇ ਆਪ ਨੂੰ ਕਹਿ ਰਿਹਾ ਸੀ, ‘ਮੈਨੂੰ ਹੁਣ ਕਿਸੇ ਦਾ ਕੋਈ ਡਰ ਨਹੀਂ ਏ। ਹੁਣ ਮੈਂ ਆਪਣੇ ਇਲਾਕੇ ਦਾ ਰਾਜਾ ਹਾਂ। ਅੱਜ ਇੱਥੇ ਮੇਰਾ ਕੋਈ ਵਿਰੋਧ ਨਹੀਂ ਕਰ ਸਕਦਾ।’ ਇੰਨੇ ਨੂੰ ਉਧਰੋਂ ਉਹ ਸ਼ੇਰ ਵੀ ਆ ਰਹੇ ਸਨ। ਸ਼ੇਰਾਂ ਨੂੰ ਵੇਖ ਕੇ ਸਾਨ੍ਹ ਨੇ ਕਿਹਾ, ‘ਓਏ ਸ਼ੇਰੋ ਕਿੱਧਰ ਮੂੰਹ ਚੁੱਕਿਆ ਏ। ਆਪਣੇ ਰਾਜੇ ਦੀ ਜੈ-ਜੈ ਕਾਰ ਕਰੋ।’ ਸਿਆਣੇ ਸ਼ੇਰ ਨੇ ਉੱਤਰ ਦਿੱਤਾ, ‘ਜਾ ਮੂਰਖ ਰਾਜਿਆ, ਤੈਨੂੰ ਕਿਸ ਨੇ ਕਿਹਾ ਏ ਕਿ ਤੂੰ ਰਾਜਾ ਏ? ਤੂੰ ਮਹਾਂਮੂਰਖ ਰਾਜਾ ਏ, ਜਿਸ ਨੇ ਸਿਰਫ਼ ਇਕ ਪ੍ਰਧਾਨਗੀ ਦੇ ਲਾਲਚ ’ਚ ਆ ਕੇ ਆਪਣਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਏ। ਫਿੱਟੇ ਮੂੰਹ ਤੇਰੇ ਅਜਿਹੇ ਲਾਲਚੀ ਦੇ।’ ਜਿਵੇਂ ਹੀ ਸਾਨ੍ਹ ਬੋਲਣ ਲੱਗਾ, ਵੇਖਦਿਆਂ ਹੀ ਉਨ੍ਹਾਂ ਸ਼ੇਰਾਂ ਨੇ ਉਸ ਨੂੰ ਆਪਣੇ ਜਬੜਿਆਂ ’ਚ ਨੱਪ ਲਿਆ ਤੇ ਵੇਖਦਿਆਂ-ਵੇਖਦਿਆਂ ਉਹ ਉਸ ਦੀਆਂ ਗੁੱਸੇ ਵਿਚ ਆ ਕੇ ਹੱਡੀਆਂ ਤਕ ਖਾ ਗਏ।
ਗੁਰਦੀਪ ਸਿੰਘ ਘੋਲੀਆ