ਹਰਵਿੰਦਰ ਸਿੰਘ ਪੂਹਲੀ
ਭੂਰੇ ਰੰਗ ਦਾ ਮੋਟੂ ਚੂਹਾ ਜੰਗਲ ਵਿੱਚ ਟਪੂਸੀਆਂ ਮਾਰਦਾ ਫਿਰਦਾ ਸੀ। ਅੱਜ ਸਾਰਾ ਦਿਨ ਉਸ ਨੇ ਜੰਗਲ ਦੇ ਮਿੱਠੇ ਮਿੱਠੇ ਬੇਰ ਤੇ ਅਮਰੂਦ ਖਾਧੇ ਸੀ। ਉਸ ਦਾ ਢਿੱਡ ਭਾਵੇਂ ਭਰ ਗਿਆ, ਪਰ ਨੀਅਤ ਨਹੀਂ ਭਰੀ ਸੀ। ਇਸ ਲਈ ਉਹ ਹੋਰ ਅੱਗੇ ਜਾਣ ਲੱਗਾ। ਇਹ ਦੇਖ ਕੇ ਉਸ ਦੇ ਨਾਲ ਵਾਲੇ ਸਾਥੀ ਕਾਲੇ ਚੂਹੇ ਨੇ ਕਿਹਾ, ‘‘ਓ ਬਾਈ! ਜ਼ਿਆਦਾ ਅੱਗੇ ਨਾ ਜਾ, ਆਪਾਂ ਇੱਧਰ ਕਿਤੇ ਆਏ ਨਹੀਂ, ਅੱਗੇ ਕੋਈ ਖਤਰਾ ਨਾ ਹੋਵੇ।’’ ਪਰ ਉਹ ਕਿੱਥੋਂ ਮੰਨਦਾ ਸੀ। ਉੱਚੀ ਢਲਾਣ ’ਤੇ ਲੱਗਾ ਲੋਟਣੀਆਂ ਲਾਉਣ ਤੇ ਰੁੜ੍ਹਦਾ ਹੋਇਆ ਹੇਠਾਂ ਆ ਵੱਜਾ।
ਜਦੋਂ ਅੱਖਾਂ ਖੁੱਲ੍ਹੀਆਂ ਤਾਂ ਉਹ ਇੱਕ ਸ਼ੇਰ ਦੇ ਮੂਹਰੇ ਆ ਡਿੱਗਿਆ। ਇੱਕ ਵਾਰ ਤਾਂ ਸ਼ੇਰ ਨੂੰ ਦੇਖ ਕਿ ਉਸ ਦਾ ਤ੍ਰਾਹ ਹੀ ਨਿਕਲ ਗਿਆ, ਪਰ ਜਦੋਂ ਉਸ ਨੇ ਸ਼ੇਰ ਵੱਲ ਦੇਖਿਆ ਤਾਂ ਉਹ ਅੱਖਾਂ ਮੀਚ ਕੇ ਜਿਵੇਂ ਸੁੱਤਾ ਪਿਆ ਸੀ। ਚਲਾਕੀ ਨਾਲ ਜਦੋਂ ਭੂਰਾ ਚੂਹਾ ਉੱਥੋਂ ਬਚ ਕੇ ਨਿਕਲਣ ਲੱਗਾ ਤਾਂ ਸ਼ੇਰ ਨੇ ਉਸ ਦੀ ਪੂਛ ਉੱਤੇ ਪੈਰ ਧਰ ਲਿਆ। ਚੂਹੇ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਹੁਣ ਨਹੀਂ ਬਚਦਾ, ਪਰ ਉਸ ਨੇ ਹੌਸਲੇ ਤੇ ਪੂਰੀ ਦਲੇਰੀ ਤੋਂ ਕੰਮ ਲੈਣ ਦਾ ਮਨ ਬਣਾ ਲਿਆ। ਸ਼ੇਰ ਪਲਕਾਂ ਖੋਲ੍ਹ ਕੇ ਬੋਲਿਆ, ‘‘ਤੈਨੂੰ ਕੀ ਲੱਗਦਾ ਕਿ ਮੈਂ ਆਪਣੇ ਆਪ ਆਏ ਸ਼ਿਕਾਰ ਨੂੰ ਛੱਡ ਦੇਵਾਂਗਾ? ਅੱਜ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰ ਦਿੱਤਾ ਤੂੰ ਮੇਰਾ।’’
ਪਹਿਲਾਂ ਤਾਂ ਚੂਹੇ ਨੂੰ ਡਰ ਲੱਗਣ ਲੱਗਾ, ਪਰ ਫਿਰ ਉਸ ਨੇ ਕਰੜੇ ਜਿਹੇ ਦਿਲ ਨਾਲ ਕਿਹਾ, ‘‘ਜਨਾਬ, ਤੁਸੀਂ ਜੰਗਲ ਦੇ ਰਾਜੇ ਹੋ, ਪਰ ਮੈਨੂੰ ਖਾਣ ਨਾਲ ਤੁਹਾਡੀ ਜਾੜ੍ਹ ਵੀ ਗਿੱਲੀ ਨਹੀਂ ਹੋਵੇਗੀ। ਹਾਂ, ਇੰਨਾ ਜ਼ਰੂਰ ਹੈ ਕਿ ਮੈਂ ਜੰਗਲ ਵਿੱਚ ਆਉਂਦੇ ਨੇ ਨਰਮ-ਨਰਮ ਤੇ ਮੋਟੇ ਮੋਟੇ ਖ਼ਰਗੋਸ਼ ਦੇਖੇ ਸਨ। ਜੇ ਤੁਸੀਂ ਕਹੋ ਤਾਂ ਤੁਹਾਨੂੰ ਉਨ੍ਹਾਂ ਦੇ ਟਿਕਾਣੇ ਉਤੇ ਲੈ ਚੱਲਾਂ।’’ ਕਈ ਸਾਰੇ ਖ਼ਰਗੋਸ਼ਾਂ ਦਾ ਨਾਂ ਸੁਣ ਕੇ ਭੁੱਖੇ ਸ਼ੇਰ ਦੇ ਮੂੰਹ ਵਿੱਚ ਪਾਣੀ ਆ ਗਿਆ, ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਕਿਤੇ ਇਹ ਚਲਾਕ ਚੂਹਾ ਮੈਨੂੰ ਬੇਵਕੂਫ ਤਾਂ ਨਹੀਂ ਬਣਾ ਰਿਹਾ। ਸ਼ੇਰ ਨੂੰ ਸੋਚਦਾ ਦੇਖਦੇ ਹੋਏ ਚੂਹੇ ਨੇ ਫਿਰ ਤੋਂ ਝੱਟ ਆਵਾਜ਼ ਦਿੱਤੀ, ‘‘ਮਹਾਰਾਜ ਉਂਜ ਵੀ ਮੈਂ ਤੁਹਾਡੇ ਪੰਜੇ ਵਿੱਚੋਂ ਕਿਤੇ ਭੱਜ ਤਾਂ ਨਹੀਂ ਸਕਦਾ।’’ ਇਹ ਗੱਲ ਸੁਣ ਕੇ ਵੱਡੀ-ਵੱਡੀ ਜੱਤ ਵਾਲੇ ਸ਼ੇਰ ਨੂੰ ਚੂਹੇ ਦੀ ਗੱਲ ਮੰਨਣ ਵਿੱਚ ਹੀ ਫਾਇਦਾ ਲੱਗਿਆ।
ਚੂਹੇ ਦੀ ਗੱਲ ਮੰਨ ਕੇ ਸ਼ੇਰ ਉਸ ਦੇ ਪਿੱਛੇ ਪਿੱਛੇ ਜੰਗਲ ਵਿੱਚ ਜਾਣ ਲੱਗਾ। ਦਿਨ ਛਿਪਣ ਜਾ ਰਿਹਾ ਸੀ, ਹਨੇਰਾ ਵਧ ਰਿਹਾ ਸੀ, ਦੋ ਕੁ ਮੀਲ ਜਾ ਕੇ ਚੂਹਾ ਹੌਲੀ ਜਿਹਾ ਬੋਲਿਆ, ‘‘ਸ਼ੇਰ ਸਾਹਿਬ ! ਆਪਾਂ, ਜੇ ਸਿੱਧੇ ਉਨ੍ਹਾਂ ਦੇ ਘਰ ਜਾਵਾਂਗੇ ਤਾਂ ਉਹ ਸਾਰੇ ਆਪਾਂ ਨੂੰ ਦੇਖ ਕੇ ਪਹਿਲਾਂ ਹੀ ਭੱਜ ਜਾਣਗੇ। ਮੈਂ ਇੰਜ ਕਰਦਾ ਹਾਂ ਇੱਕ ਛੋਟੀ ਜਿਹੀ ਮੋਰੀ ਦੇ ਵਿੱਚ ਦੀ ਅੰਦਰ ਜਾ ਕੇ ਦੇਖਦਾ ਹਾਂ। ਮੌਕਾ ਦੇਖ ਕੇ ਮੈਂ ਤੁਹਾਨੂੰ ਅੰਦਰੋਂ ਆਵਾਜ਼ ਮਾਰਾਂਗਾ।’’ ਇਹ ਕਹਿ ਕੇ ਚੂਹਾ ਝੱਟ ਇੱਕ ਛੋਟੀ ਦਰਾੜ ਦੀ ਮੋਹਰੀ ਵਿੱਚ ਵੜ ਗਿਆ। ਸ਼ੇਰ ਅੱਧੀ ਰਾਤ ਤੱਕ ਉਸ ਨੂੰ ਉਡੀਕਦਾ ਰਿਹਾ। ਫਿਰ ਸ਼ੇਰ ਨੂੰ ਸਮਝ ਆ ਗਈ ਕਿ ਉਹ ਉਸ ਨੂੰ ਬੁੱਧੂ ਬਣਾ ਕੇ ਆਪਣੀ ਜਾਨ ਬਚਾ ਕੇ ਭੱਜ ਗਿਆ। ਸ਼ੇਰ ਨੇ ਸੋਚਿਆ, ਕੋਈ ਨ੍ਹੀਂ ਬੱਚੂ ਕਿਸੇ ਨਾ ਕਿਸੇ ਦਿਨ ਤਾਂ ਤੂੰ ਮੇਰੀ ਪਕੜ ਵਿੱਚ ਆ ਜਾਵੇਂਗਾ, ਉਸ ਦਿਨ ਮੈਂ ਤੈਨੂੰ ਮਾਰ ਕੇ ਹੀ ਸਾਹ ਲਵਾਂਗਾ। ਹੁਣ ਸ਼ੇਰ ਵੀ ਹਰ ਰੋਜ਼ ਚੂਹੇ ਦੀ ਭਾਲ ਵਿੱਚ ਸ਼ਾਂਤ ਚਿੱਤ ਹੋ ਕੇ ਬੈਠਾ ਰਹਿੰਦਾ। ਇੱਕ ਦਿਨ ਭੋਜਨ ਦੀ ਭਾਲ ਵਿੱਚ ਜਦੋਂ ਚੂਹਾ ਬਾਹਰ ਆਇਆ ਤਾਂ ਉਸ ਨੇ ਝੱਟ ਆਪਣੇ ਪੰਜੇ ਨਾਲ ਉਸ ਨੂੰ ਫੜ ਲਿਆ। ਇਸ ਤੋਂ ਪਹਿਲਾਂ ਕਿ ਸ਼ੇਰ ਕੁਝ ਬੋਲਦਾ ਚੂਹੇ ਨੇ ਪਹਿਲਾਂ ਹੀ ਸ਼ੇਰ ਨੂੰ ਸਵਾਲ ਕੀਤਾ, ‘‘ਜਨਾਬ ਉਸ ਰਾਤ, ਮੈਂ ਤੁਹਾਨੂੰ ਲੱਭਦਾ ਰਿਹਾ, ਤੁਸੀਂ ਪਤਾ ਨਹੀਂ ਕਿੱਥੇ ਚਲੇ ਗਏ?’’ ਸ਼ੇਰ ਗਰਜ ਕੇ ਬੋਲਿਆ, ‘‘ਤੂੰ ਮੈਨੂੰ ਬੇਵਕੂਫ਼ ਬਣਾਉਂਦਾ, ਮੈਂ ਅੱਧੀ ਰਾਤ ਤੱਕ ਉੱਥੇ ਤੈਨੂੰ ਉਡੀਕਦਾ ਰਿਹਾ, ਪਰ ਤੂੰ ਉੱਥੋਂ ਭੱਜ ਗਿਆ ਸੀ।’’ ‘‘ਨਹੀਂ!, ਨਹੀਂ! ਜਨਾਬ! ਮੈਂ ਜਦੋਂ ਅੰਦਰ ਗਿਆ ਤਾਂ ਖ਼ਰਗੋਸ਼ਾਂ ਦਾ ਸਰਦਾਰ ਉਨ੍ਹਾਂ ਨੂੰ ਕਹਿ ਰਿਹਾ ਸੀ, ‘‘ਖਾਣਾ ਖਾਣ ਤੋਂ ਬਾਅਦ, ਆਪਾਂ ਇੱਕ ਤਰਕੀਬ ਬਣਾਉਣੀ ਹੈ। ਮੈਂ ਤਾਂ ਉਨ੍ਹਾਂ ਨੂੰ ਖਾਣਾ ਖਾਣ ਦੇ ਲਈ ਦੋ ਘੰਟੇ ਉਡੀਕਦਾ ਰਿਹਾ। ਖਾਣੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਕੀਮ ਬਣਾਈ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਤੁਹਾਡਾ ਸ਼ਿਕਾਰ ਕਰਨ ਲਈ ਦੂਜੇ ਜੰਗਲ ਵਿੱਚੋਂ ਸ਼ਿਕਾਰੀ ਨੂੰ ਬੁਲਾ ਰਹੇ ਹਨ। ਮੈਂ ਤਾਂ ਇਹੀ ਗੱਲ ਸੁਣ ਕੇ ਤੁਹਾਨੂੰ ਦੱਸਣ ਵਾਸਤੇ, ਤੁਹਾਨੂੰ ਕਈ ਦਿਨ ਲੱਭਦਾ ਰਿਹਾ।’’
ਇਹ ਗੱਲ ਸੁਣ ਕੇ ਸ਼ੇਰ ਦਾ ਦਿਮਾਗ਼ ਹੀ ਹਿੱਲ ਗਿਆ। ਇਸ ਤੋਂ ਪਹਿਲਾਂ ਕਿ ਸ਼ੇਰ ਕੁਝ ਬੋਲਦਾ। ਚੂਹੇ ਨੇ ਫਿਰ ਤੋਂ ਚਲਾਕੀ ਤੇ ਚੁਸਤੀ ਨਾਲ ਕਿਹਾ,‘‘ਉਹ ਦੇਖੋ! ਤੁਹਾਡੇ ਪਿੱਛੇ, ਸ਼ਿਕਾਰੀ ਆ ਗਿਆ।’’ ਜਿਉਂ ਹੀ ਸ਼ੇਰ ਪਿੱਛੇ ਮੁੜ ਕੇ ਦੇਖਣ ਲੱਗਾ। ਚੂਹਾ ਝੱਟ ਉੱਥੋਂ ਭੱਜ ਕੇ ਆਪਣੀ ਖੁੱਡ ਵਿੱਚ ਵੜ ਗਿਆ ਤੇ ਆਪਣੀ ਜਾਨ ਬਚਾ ਲਈ। ਅੱਜ ਫਿਰ ਸ਼ੇਰ ਨੂੰ ਭੁੱਖੇ ਢਿੱਡ ਹੀ ਨਮੋਸ਼ੀ ਨਾਲ ਉੱਥੋਂ ਜਾਣਾ ਪਿਆ, ਪਰ ਚੂਹੇ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਸਾਨੂੰ ਮੁਸੀਬਤ ਵਿੱਚ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ। ਹਰ ਸਮੱਸਿਆ ਨੂੰ ਸ਼ਾਂਤ ਚਿੱਤ ਤੇ ਸਮਝਦਾਰੀ ਨਾਲ ਹੱਲ ਕੀਤਾ ਜਾ ਸਕਦਾ ਹੈ।