ਲੰਡਨ, 17 ਨਵੰਬਰ

ਫ਼ਿਲਮਸਾਜ਼ ਸ਼ੇਖਰ ਕਪੂਰ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਲਈ ਅਕੈਡਮੀ ਐਵਾਰਡ ਜੇਤੂ ਐਮਾ ਥੌਂਪਸਨ ਨਾਲ ਰਿਹਰਸਲ ਸ਼ੁਰੂ ਕਰ ਦਿੱਤੀ ਹੈ। ਸਾਲ 2007 ਵਿੱਚ ਉਨ੍ਹਾਂ ਵੱਲੋਂ ਬਣਾਈ ਫ਼ਿਲਮ ‘ਅਲਿਜ਼ਬੈੱਥ: ਦਿ ਗੋਲਡਨ ਏਜ’ ਮਗਰੋਂ ਇਸ ਫ਼ਿਲਮ ਨਾਲ ਉਹ ਕਾਫ਼ੀ ਚਿਰ ਬਾਅਦ ਫ਼ਿਲਮ ਨਿਰਦੇਸ਼ਨ ਵੱਲ ਵਾਪਸੀ ਕਰ ਰਹੇ ਹਨ। 

ਸ੍ਰੀ ਕਪੂਰ ਨੇ ਕਿਹਾ ਕਿ ਉਹ ਇਸ ਫ਼ਿਲਮ ਲਈ ਐਮਾ ਥੌਂਪਸਨ ਨਾਲ ਕੰਮ ਕਰਨ ਲਈ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਟਵੀਟ ਕੀਤਾ,‘ਅਦਾਕਾਰਾ ਐਮਾ ਥੌਂਪਸਨ ਨਾਲ ਅੱਜ ਪਹਿਲੀ ਵਾਰ ਰਿਹਰਸਲ ਕੀਤੀ। ਉਨ੍ਹਾਂ ਨਾਲ ਆਪਣੀ ਅਗਲੀ ਫ਼ਿਲਮ ਵਿੱਚ ਕੰਮ ਕਰਨ ਦੀ ਕਾਮਨਾ ਕਰਦਾ ਹਾਂ।’ 

ਜਾਣਕਾਰੀ ਮੁਤਾਬਕ ਇਹ ਫ਼ਿਲਮ ਵੱਖੋ-ਵੱਖਰੇ ਸੱਭਿਆਚਾਰਾਂ ’ਤੇ ਅਧਾਰਿਤ ਰੁਮਾਂਟਿਕ-ਕਾਮੇਡੀ ਹੈ ਜਿਸਦਾ ਟਾਈਟਲ ਹੈ- ‘ਵਟਸ ਲਵ ਗੌਟ ਟੂ ਡੂ ਵਿਦ ਇਟ?’। ਇਸਦੀ ਕਹਾਣੀ ਲੰਡਨ ਅਤੇ ਦੱਖਣ ਏਸ਼ੀਆ ਦੁਆਲੇ ਘੁੰਮਦੀ ਹੈ।