ਮੁੰਬਈ:ਮੌਜੂਦਾ ਸਮੇਂ ‘ਹੱਪੂ ਕੀ ਉਲਟਨ ਪਲਟਨ’ ਸ਼ੋਅ ਵਿੱਚ ਕਟੋਰੀ ਅੰਮਾ ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਹਿਮਾਨੀ ਸ਼ਿਵਪੁਰੀ, ਡੇਢ ਮਹੀਨੇ ਬਾਅਦ ਸ਼ੂਟਿੰਗ ਮੁੜ ਸ਼ੁਰੂ ਹੋਣ ਕਾਰਨ ਕਾਫ਼ੀ ਖੁਸ਼ ਹੈ। ਸ਼ੋਅ ਦੀ ਸ਼ੂਟਿੰਗ ਗੁਜਰਾਤ ਵਿੱਚ ਕੀਤੀ ਜਾ ਰਹੀ ਹੈ। ਹਿਮਾਨੀ ਨੇ ਦੱਸਿਆ ਕਿ ਸੈੱਟ ’ਤੇ ਵਾਪਸ ਆਉਣਾ ਹਮੇਸ਼ਾ ਵਧੀਆ ਹੁੰਦਾ ਹੈ। ਹੱਪੂ ਦਾ ਸੈੱਟ ਹਮੇਸ਼ਾ ਪਰਿਵਾਰ ਤੋਂ ਦੂਰ ਇੱਕ ਪਰਿਵਾਰ ਹੀ ਹੁੰਦਾ ਹੈ। ਉਸ ਨੇ ਆਖਿਆ, ‘ਅਸੀਂ ਇੱਕ ਪੰਜ ਤਾਰਾ ਹੋਟਲ ਵਿੱਚ ਠਹਿਰੇ ਹੋਏ ਹਾਂ। ਬਾਇਓ-ਬੱਬਲ ਪ੍ਰਣਾਲੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਹੋਟਲ ਦੇ ਅੰਦਰ ਸਭ ਕੁਝ ਉਪਲੱਬਧ ਹੈ। ਬਾਹਰ ਹਰਿਆਲੀ ਅਤੇ ਤਾਪੀ ਨਦੀ ਨੇ ਯਕੀਨਨ ਸਾਨੂੰ ਵਧੀਆ ਕੰਮ ਕਰਨ ਵਾਲਾ ਮਾਹੌਲ ਦਿੱਤਾ ਹੈ।’ ਹਿਮਾਨੀ ਨੇ ਕਿਹਾ ਕਿ ਕਟੋਰੀ ਅੰਮਾ ਦਾ ਉਸ ਦਾ ਕਿਰਦਾਰ ਉਸ ਲਈ ਬਹੁਤ ਖਾਸ ਹੈ। ਸ਼ੁਰੂਆਤ ਵਿੱਚ ਉਹ ਟੀਵੀ ਸੀਰੀਅਲ ਕਰਨ ਦੀ ਚਾਹਵਾਨ ਨਹੀਂ ਸੀ ਪਰ ਜਦੋਂ ਉਸ ਨੇ ਭੂਮਿਕਾ ਨਿਭਾਈ ਤਾਂ ਉਸ ਨੂੰ ਇਸ ਦੀਆਂ ਵੱਖ-ਵੱਖ ਪਰਤਾਂ ਬਾਰੇ ਪਤਾ ਲੱਗਿਆ। ਸ਼ੋਅ ਦੀ ਰਚਨਾਤਮਕ ਟੀਮ ਵਧੀਆ ਕੰਮ ਕਰ ਰਹੀ ਹੈ। ਅੰਮਾ ਇਕ ਮਾਂ, ਸੱਸ, ਪਤਨੀ ਅਤੇ ਦਾਦੀ ਹੈ। ਇੱਕ ਔਰਤ ਦੇ ਹੀ ਇੰਨੇ ਸਾਰੇ ਰੂਪ ਹਨ। ਕਈ ਵਾਰ ਉਸ ਨੂੰ ਵੱਖੋ ਵੱਖਰੀ ਦਿੱਖ ਦਿੱਤੀ ਜਾਂਦੀ ਹੈ, ਜੋ ਕਲਾਕਾਰ ਲਈ ਬਹੁਤ ਵਧੀਆ ਅਹਿਸਾਸ ਹੈ। ਕੋਵਿਡ ਬਾਰੇ ਉਸ ਨੇ ਕਿਹਾ, ‘ਸਥਿਤੀ ਡਰਾਉਣੀ ਹੈ ਪਰ ਅਸੀਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਹੀ ਕਰ ਸਕਦੇ ਹਾਂ ਅਤੇ ਸਭ ਠੀਕ ਹੋਣ ਦੀ ਕੋਸ਼ਿਸ਼ ਕਰ ਸਕਦੇ ਹਾਂ।’ 37 ਸਾਲ ਦੇ ਤਜਰਬੇ ਅਤੇ ਅਣਗਿਣਤ ਹਿੱਟ ਬੌਲੀਵੁੱਡ ਫਿਲਮਾਂ ਕਰਨ ਵਾਲੀ ਹਿਮਾਨੀ ਦਾ ਮੰਨਣਾ ਹੈ ਕਿ ਕੁੱਝ ਵੀ ਸਥਾਈ ਨਹੀਂ ਹੁੰਦਾ। ਨਾਮ, ਪ੍ਰਸਿੱਧੀ ਅਤੇ ਪੈਸਾ ਕੁੱਝ ਵੀ ਸਥਾਈ ਨਹੀਂ ਹੁੰਦਾ। ਹਰੇਕ ਪਲ ਦਾ ਵੱਧ ਤੋਂ ਵੱਧ ਲਾਭ ਉਠਾਓ। ਖ਼ਾਸਕਰ ਇਸ ਕੋਵਿਡ ਸਮੇਂ ਵਿੱਚ, ਜ਼ਿੰਦਗੀ ਬਹੁਤ ਅਨੋਖੀ ਹੈ। ਇਸ ਲਈ, ਹਰ ਦਿਨ ਜ਼ਸਨ ਮਨਾਓ।’