ਨਵੀਂ ਦਿੱਲੀ, ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਅੱਜ ਭਾਰਤ ਦੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਪ੍ਰਤਿਭਾਸ਼ਾਲੀ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਹਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੱਖਣੀ ਅਫ਼ਰੀਕਾ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਸਲਾਮੀ ਬੱਲੇਬਾਜ਼ ਤੇ ਮੱਧਕ੍ਰਮ ਦਾ ਬੱਲੇਬਾਜ਼ ਦੋਹਾਂ ਰੂਪਾਂ ’ਚ ਖੇਡਣ ਦੇ ਸਮਰੱਥ ਹੈ। ਵੈਸਟ ਇੰਡੀਜ਼ ਦੌਰੇ ’ਤੇ ਭਾਰਤ ‘ਏ’ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਅਤੇ ਮੈਨ ਆਫ਼ ਦਿ ਸੀਰੀਜ਼ ਬਣਨ ਤੋਂ ਬਾਅਦ 20 ਸਾਲਾਂ ਦੇ ਗਿੱਲ ਦਾ ਟੀਮ ’ਚ ਜਗ੍ਹਾ ਬਣਾਉਣ ਦਾ ਦਾਅਵਾ ਕਾਫੀ ਮਜ਼ਬੂਤ ਸੀ। ਇਸ ਲੜੀ ਦੌਰਾਨ ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਬੱਲੇਬਾਜ਼ ਵੀ ਬਣਿਆ। ਪਿਛਲੇ ਮਹੀਨੇ ਕੈਰੇਬਿਆਈ ਦੌਰੇ ’ਤੇ ਉਸ ਨੂੰ ਸੀਨੀਅਰ ਟੀਮ ਵਿੱਚ ਜਗ੍ਹਾ ਨਾ ਦੇਣ ਦੇ ਫ਼ੈਸਲੇ ਦੀ ਆਲੋਚਨਾ ਹੋਈ ਸੀ।
ਰਾਹੁਲ ਦੇ ਬਾਹਰ ਹੋਣ ਨਾਲ ਰੋਹਿਤ ਸ਼ਰਮਾ ਦੇ ਟੀਮ ਵਿੱਚ ਪਾਰੀ ਦਾ ਆਗ਼ਾਜ਼ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਟੀਮ ਦੀ ਚੋਣ ਲਈ ਹੋਈ ਮੀਟਿੰਗ ਤੋਂ ਬਾਅਦ ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕਿਹਾ, ‘‘ਹਾਂ, ਨਿਸ਼ਚਿਤ ਤੌਰ ’ਤੇ ਸਾਡੀਆਂ ਨਜ਼ਰਾਂ ਰੋਹਿਤ ਸ਼ਰਮਾ ’ਤੇ ਹਨ ਅਤੇ ਅਸੀਂ ਉਸ ਨੂੰ ਟੈਸਟ ਮੈਚਾਂ ਵਿੱਚ ਪਾਰੀ ਦਾ ਆਗ਼ਾਜ਼ ਕਰਨ ਦਾ ਮੌਕਾ ਦੇਣਾ ਚਾਹੁੰਦੇ ਹਾਂ। ਉਹ ਉਤਸ਼ਾਹਿਤ ਹੈ (ਪਾਰੀ ਦਾ ਆਗਾਜ਼ ਕਰਨ ਲਈ) ਅਤੇ ਚੋਣ ਕਮੇਟੀ ਤੇ ਸਾਰੇ ਲੋਕ (ਟੀਮ ਪ੍ਰਬੰਧਨ) ਵੀ ਉਤਸ਼ਾਹਿਤ ਹੈ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਉਹ ਕਿਵੇਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਫਿਰ ਫੈਸਲਾ ਕਰਨਗੇ।’’ ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਨੂੰ ਸਲਾਮੀ ਬੱਲੇਬਾਜ਼ ਤੋਂ ਇਲਾਵਾ ਮੱਧਕ੍ਰਮ ਦੇ ਬੱਲੇਬਾਜ਼ ਵਜੋਂ ਵੀ ਦੇਖਦੇ ਹਨ। ਉਹ ਦੋਵੇਂ ਥਾਵਾਂ ਲਈ ਉਸ ਨੂੰ ਬੈਕਅੱਪ ਦੇ ਰੂਪ ਵਿਚ ਦੇਖ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਜਿਵੇਂ-ਜਿਵੇਂ ਵੱਧ ਖੇਡਣਗੇ, ਉਸ ਨੂੰ ਮੌਕੇ ਮਿਲਣਗੇ ਕਿਉਂਕਿ ਉਹ ਤਿੰਨਾਂ ਰੂਪਾਂ ਦਾ ਖਿਡਾਰੀ ਹੈ।’’
ਦੂਜੇ ਪਾਸੇ ਟੀਮ ਵਿੱਚ ਜਗ੍ਹਾ ਬਚਾਉਣ ਦੇ ਬਾਵਜੂਦ ਰਿਸ਼ਭ ਪੰਤ ਆਖ਼ਰੀ ਗਿਆਰਾਂ ਵਿੱਚ ਆਪਣਾ ਸਥਾਨ ਵੱਧ ਤਜਰਬੇਕਾਰ ਤੇ ਤਕਨੀਕੀ ਤੌਰ ’ਤੇ ਸਮਰੱਥ ਰਿੱਧੀਮਾਨ ਸਾਹਾ ਨੂੰ ਗੁਆ ਸਕਦਾ ਹੈ। ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੈਸਟ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਹੋਵੇਗਾ, ਜਦੋਂਕਿ ਦੂਜਾ ਮੈਚ 10 ਅਕਤੂਬਰ ਤੋਂ ਪੁਣੇ ਹੋਵੇਗਾ। ਤੀਜਾ ਅਤੇ ਆਖ਼ਰੀ ਟੈਸਟ ਮੈਚ ਰਾਂਚੀ ’ਚ 19 ਅਕਤੂਬਰ ਤੋਂ ਖੇਡਿਆ ਜਾਵੇਗਾ। ਹਾਲ ਵਿੱਚ ਵੈਸਟ ਇੰਡੀਜ਼ ਦੌਰੇ ’ਤੇ ਭਾਰਤੀ ਟੀਮ ਦੇ ਮੈਂਬਰ ਰਹੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ ਸੰਭਾਵੀ ਤੌਰ ’ਤੇ ਆਖ਼ਰੀ ਗਿਆਰਾਂ ’ਚ ਸਿਰਫ਼ ਦੋ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਮਿਲਣ ਕਾਰਨ ਚਾਰ ਤੇਜ਼ ਗੇਂਦਬਾਜ਼ਾਂ ਦੀ ਜਗ੍ਹਾ ਨਹੀਂ ਬਣਦੀ। ਰੋਹਿਤ ਨਾਲ ਹੀ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਅਗਵਾਈ ਵੀ ਕਰੇਗਾ ਜੋ ਵਿਜੈ ਨਗਰ ’ਚ 26 ਸਤੰਬਰ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਤਿੰਨ ਰੋਜ਼ਾ ਅਭਿਆਸ ਮੈਚ ਖੇਡੇਗੀ। ਇਹ ਤਜਰਬੇਕਾਰ ਬੱਲੇਬਾਜ਼ ਇਸ ਮੈਚ ਵਿਚ ਸਲਾਮੀ ਬੱਲੇਬਾਜ਼ ਦੀ ਨਵੀਂ ਭੂਮਿਕਾ ’ਚ ਖੁਦ ਨੂੰ ਪਰਖ ਸਕਦਾ ਹੈ। ਪ੍ਰਸਾਦ ਨੇ ਕਿਹਾ ਕਿ ਉਹ ਸੀਮਿਤ ਓਵਰਾਂ ਦੇ ਕ੍ਰਿਕਟ ਵਿੱਚ ਇਕ ਦਹਾਕੇ ਤੋਂ ਪਾਰੀ ਦਾ ਆਗਾਜ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਸ ਵਿਚ ਸਿਖ਼ਰਲੇ ਕ੍ਰਮ ’ਚ ਬੱਲੇਬਾਜ਼ੀ ਕਰਨ ਦੀ ਸਮਰੱਥਾ ਹੈ।’’
ਪਿਛਲੇ 18 ਮਹੀਨਿਆਂ ਵਿੱਚ ਸਿਰਫ਼ ਇਕ ਟੈਸਟ ਸੈਂਕੜਾ ਮਾਰਨ ਵਾਲੇ ਰਾਹੁਲ ਦੇ ਸਬੰਧ ਵਿੱਚ ਪ੍ਰਸਾਦ ਨੇ ਕਿਹਾ ਕਿ ਕਰਨਾਟਕ ਦੇ ਇਸ ਬੱਲੇਬਾਜ਼ ਨੂੰ ਕਾਫੀ ਮੌਕੇ ਮਿਲੇ ਪਰ ਫਾਰਮ ਵਿੱਚ ਨਿਘਾਰ ਕਾਰਨ ਕਮੇਂ ਨੂੰ ਬਦਲਾਅ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ, ‘‘ ਨਿਸ਼ਚਿਤ ਤੌਰ ’ਤੇ ਅਸੀਂ ਲੋਕੇਸ਼ ਰਾਹੁਲ ਨੂੰ ਦੱਸ ਦਿੱਤਾ ਹੈ। ਉਹ ਬੇਜੋੜ ਪ੍ਰਤਿਭਾ ਹੈ ਅਤੇ ਬਦਕਿਸਮਤੀ ਨਾਲ ਲਾਲ ਗੇਂਦ ਦੇ ਕ੍ਰਿਕਟ ਵਿੱਚ ਉਸ ਦੀ ਫਾਰਮ ’ਚ ਨਿਘਾਰ ਆਇਆ ਹੈ।’’ ਪ੍ਰਸਾਦ ਨੇ ਕਿਹਾ, ‘‘ਸ਼ਿਖਰ ਧਵਨ ਤੇ ਮੁਰਲੀ ਵਿਜੈ ਦੇ ਜਾਣ ਤੋਂ ਬਾਅਦ, ਅਸੀਂ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਨਹੀਂ ਬਦਲ ਸਕਦੇ। ਕਿਸੇ ਨੂੰ ਬਰਕਰਾਰ ਰਹਿਣਾ ਹੋਵੇਗਾ। ਮੌਜੂਦਾ ਸੀਨੀਅਰ ਖਿਡਾਰੀਆਂ ’ਚ ਲੋਕੇਸ਼ ਰਾਹੁਲ ਨੂੰ ਵੱਧ ਮੌਕੇ ਮਿਲੇ। ਬਦਕਿਸਮਤੀ ਨਾਲ ਉਹ ਲਗਾਤਾਰ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ। ਉਸ ਨੇ ਟੁੱਕੜਿਆਂ ’ਚ ਯੋਗਦਾਨ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਉਸ ਦਾ ਸਮਰਥਨ ਕੀਤਾ ਕਿਉਂਕਿ ਜਦੋਂ ਉਹ ਲੈਅ ’ਚ ਹੁੰਦਾ ਹੈ ਤਾਂ ਉਸ ਨੂੰ ਦੇਖਣਾ ਸ਼ਾਨਦਾਰ ਹੁੰਦਾ ਹੈ।’’ ਰਾਹੁਲ ਦੇ ਭਵਿੱਖ ਬਾਰੇ ਪੁੱਛਣ ’ਤੇ ਪ੍ਰਸਾਦ ਨੇ ਵੀਵੀਐੱਸ ਲਕਸ਼ਮਣ ਦਾ ਉਦਾਹਰਨ ਦਿੱਤਾ। ਉਨ੍ਹਾਂ ਕਿਹਾ, ‘‘ਵੀਵੀਐੱਸ ਲਕਸ਼ਮਣ ਨੂੰ ਜਦੋਂ ਇਕ ਵਾਰ ਭਾਰਤੀ ਟੀਮ ਤੋਂ ਬਾਹਰ ਕੀਤਾ ਗਿਆ ਤਾਂ ਉਹ ਘਰੇਲੂ ਕ੍ਰਿਕਟ ਖੇਡਣ ਗਿਆ। ਰਣਜੀ ਟਰਾਫੀ ’ਚ 1400 ਦੌੜਾਂ ਬਣਾਈਆਂ ਅਤੇ ਵਾਪਸੀ ਕੀਤੀ। ਲੋਕੇਸ਼ ਰਾਹੁਲ ਨੂੰ ਵੀ ਅਜਿਹਾ ਹੀ ਕਰਨਾ ਹੋਵੇਗਾ।’’
ਚੋਣਕਾਰਾਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਨੇ ਸਲਾਮੀ ਬੱਲੇਬਾਜ਼ਾਂ ਦਾ ਪੂਲ ਤਿਆਰ ਕਰ ਲਿਆ ਹੈ ਅਤੇ ਜਿਸ ਨੂੰ ਵੀ ਮੌਕਾ ਮਿਲਿਆ ਉਸ ਨੂੰ ਰਾਹੁਲ ਵਾਂਗ ਪੂਰੇ ਮੌਕੇ ਮਿਲਣਗੇ। ਆਲ ਰਾਊਂਡਰ ਹਾਰਦਿਕ ਪਾਂਡਿਆ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਭਾਰਤੀ ਹਾਲਾਤ ’ਚ ਉਸ ਨੂੰ ਆਖ਼ਰੀ ਗਿਆਰਾਂ ’ਚ ਜਗ੍ਹਾ ਮਿਲਣ ਦੀ ਸੰਭਾਵਨਾ ਕਾਫੀ ਘੱਟ ਸੀ। ਪ੍ਰਸਾਦ ਨੇ ਕਿਹਾ, ‘‘ਹਾਰਦਿਕ ਟੀਮ ਵਿੱਚ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਘਰੇਲੂ ਹਾਲਾਤ ਦੇਖੋ ਤਾਂ ਉਸ ਨੂੰ ਸ਼ਾਇਦ ਖੇਡਣ ਦਾ ਮੌਕਾ ਨਹੀਂ ਮਿਲਿਆ। ਨਾਲ ਹੀ ਸੀਮਿਤ ਓਵਰਾਂ ਦਾ ਕਾਫੀ ਕ੍ਰਿਕਟ ਖੇਡਿਆ ਜਾ ਰਿਹਾ ਹੈ। ਪ੍ਰਸਾਦ ਨੇ ਨਾਲ ਹੀ ਸੰਕੇਤ ਦਿੱਤੇ ਕਿ ਰਿਸ਼ਤਭ ਪੰਤ ਨੂੰ ਲੈ ਕੇ ਟੀਮ ਪ੍ਰਬੰਧਨ ਦਾ ਧੀਰਜ ਜਵਾਬ ਦਿੰਦਾ ਜਾ ਰਿਹਾ ਹੈ, ਹਾਲਾਂਕਿ ਉਹ ਹੁਣ ਵੀ ਚੋਣ ਪੈਨਲ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਇਹ ਪੁੱਛਣ ’ਤੇ ਕਿ ਪੰਤ ਤੇ ਸਾਹਾ ਵਿੱਚੋਂ ਪਹਿਲੀ ਪਸੰਦ ਕੌਣ ਹੈ ਤਾਂ ਪ੍ਰਸਾਦ ਨੇ ਕਿਹਾ, ‘‘ਮੇਰਾ ਜਵਾਬ ਪਹਿਲਾਂ ਵਾਲਾ ਹੀ ਹੈ। ਦੇਖਦੇ ਹਾਂ। ਨਿਸ਼ਚਿਤ ਤੌਰ ’ਤੇ ਸ਼ੁਰੂਆਤ ਰਿਸ਼ਭ ਦੇ ਨਾਲ ਹੋਵੇਗੀ ਪਰ ਸਾਨੂੰ ਦੇਖਣਾ ਹੋਵੇਗਾ ਕਿ ਕੀ ਟੀਮ ਪ੍ਰਬੰਧਨ ਵੀ ਇਹੀ ਸੋਚਦਾ ਹੈ। ਉਨ੍ਹਾਂ ਉੱਪਰ ਛੱਡ ਦਿਓ। ਨਾਲ ਹੀ ਭਾਰਤ ’ਚ ਖੇਡਦੇ ਹੋਏ ਸਾਨੂੰ ਵਧੇਰੇ ਕੌਸ਼ਲ ਵਾਲਾ ਵਿਕਟਕੀਪਰ ਚਾਹੀਦਾ ਹੈ, ਦੇਖਦੇ ਹਾਂ ਕੀ ਹੁੰਦਾ ਹੈ।’’ ਪ੍ਰਸਾਦ ਦਾ ਮੰਨਣਾ ਹੈ ਕਿ ਉਮੇਸ਼ ਯਾਦਵ ਲਈ ਘਰੇਲੂ ਕ੍ਰਿਕਟ ਖੇਡਣਾ ਹੀ ਬਿਹਤਰ ਹੈ ਕਿਉਂਕਿ ਉਸ ਨੂੰ ਆਖ਼ਰੀ ਗਿਆਰਾਂ ਵਿਚ ਜਗ੍ਹਾ ਮਿਲਣ ਦੀ ਸੰਭਾਵਨਾ ਨਹੀਂ ਹੈ, ਜਦੋਂਕਿ ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ’ਚੋਂ ਇਕ ਨੂੰ ਬਾਹਰ ਬੈਠਣਾ ਹੋਵੇਗਾ।