ਮੁੰਬਈ, 22 ਮਾਰਚ

ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ‘ਸਾਇਨਾ’ ਵਿੱਚ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਅਦਾਕਾਰਾ ਨੇ ਆਖਿਆ ਕਿ ਉਹ ਬਹੁਤ ਖੁਸ਼ ਹੈ ਕਿ ਸੈੱਟ ’ਤੇ ਉਸ ਦੇ ਦੁਆਲੇ ਮਹਿਜ਼ ਟ੍ਰੇਨਰ ਹੀ ਸਨ, ਸਾਇਨਾ ਨਹੀਂ ਸੀ। ਪਰਿਨੀਤੀ ਨੇ ਆਖਿਆ,‘‘ਮੈਨੂੰ ਯਾਦ ਹੈ ਜਦੋਂ ਮੈਂ ਹੈਦਰਾਬਾਦ ਵਿੱਚ ਸਾਇਨਾ ਦੇ ਘਰ ਉਸ ਨੂੰ ਮਿਲਣ ਗਈ ਸੀ। ਉਸ ਨੇ ਮੈਨੂੰ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਦੇ ਖੇਡਦਿਆਂ ਨਹੀਂ ਦੇਖਿਆ। ਮੈਂ ਉਥੋਂ ਵਾਪਸ ਆ ਕੇ ਆਪਣੇ ਅਭਿਆਸ ਦਾ ਸਮਾਂ ਦੁੱਗਣਾ ਕੀਤਾ ਕਿਉਂਕਿ ਕਿਸੇ ਨੇ ਮੈਨੂੰ ਖੇਡਣ ਦੀ ਜ਼ਿੰਮੇਵਾਰੀ ਸੌਂਪੀ ਸੀ। ਜਿੰਨਾ ਸਾਇਨਾ ਖੇਡੀ ਹੈ ਜੇਕਰ ਮੈਂ ਉਸ ਦਾ ਇਕ ਫੀਸਦੀ ਵੀ ਖੇਡ ਸਕੀ ਤਾਂ ਮੈਂ ਖੁਸ਼ਕਿਸਮਤ ਹੋਵਾਂਗੀ। ਮੈਂ ਖੁਸ਼ ਹਾਂ ਕਿ ਸੈੱਟ ’ਤੇ ਮਹਿਜ਼ ਕੋਚ ਤੇ ਸਿਖਲਾਈ ਦੇਣ ਵਾਲੇ ਹੀ ਮੌਜੂਦ ਸਨ। ਜੇਕਰ ਉਥੇ ਸਾਇਨਾ ਹੁੰਦੀ ਤਾਂ ਮੈਂ ਘਬਰਾ ਜਾਣਾ ਸੀ।’’  ਅਦਾਕਾਰਾ ਨੇ ਆਖਿਆ,‘‘ਸਾਇਨਾ ਬਹੁਤ ਮਿਲਣਸਾਰ ਹੈ ਅਤੇ ਉਸ ਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਬੈਡਮਿੰਟਨ ਖੇਡਣ ਲਈ ਉਸ ਨਾਲ ਆਪਣੇ ਅਭਿਆਸ ਤੇ ਫਿਟਨੈਸ ਸਮੇਤ ਸਮੂਹ ਪੱਖਾਂ ਬਾਰੇ ਗੱਲਬਾਤ ਕੀਤੀ।    ਮੈਂ ਅਭਿਨੈ ਲਈ ਸਹੀ ਦਿਖਣਾ  ਚਾਹੁੰਦੀ ਸੀ ਤਾਂ ਕਿ ਖੇਡ ਅਤੇ ਸਾਇਨਾ ਨਾਲ ਨਿਆਂ ਹੋਵੇ।’’ ਜਾਣਕਾਰੀ ਅਨੁਸਾਰ ਫ਼ਿਲਮ ‘ਸਾਇਨਾ’ ਦਾ ਨਿਰਦੇਸ਼ਨ ਅਮੋਲ ਗੁਪਤੇ ਨੇ ਕੀਤਾ ਹੈ ਅਤੇ ਇਹ 26 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।