ਸਟਾਰ ਖ਼ਬਰ-ਕੰਜ਼ਰਵਟਿਵ ਪਾਰਟੀ ਨੇ ਸਾਬਕਾ ਵਿਦੇਸ਼ ਮੰਤਰੀ ਅਤੇ ਪਾਰਟੀ ਦੀ ਲੀਡਰਸ਼ਿੱਪ ਦੌੜ ਵਿੱਚ ਦੂਜੇ ਸਥਾਨ ਤੇ ਰਹਿਣ ਵਾਲੇ ਬਹੁਚਰਚਿਤ ਮੈਂਬਰ ਪਾਰਲੀਮੈਂਟ ਮੈਕਸਿਮ ਬਰਨੀਏ ਨੂੰ ਸ਼ੈਡੋ ਕੈਬਨਿਟ ਦੇ ਅਹੁਦੇ ਤੋਂ ਬਾਹਰ ਕਰ ਦਿੱਤਾ ਹੈ। ਮੈਕਸਿਮ ਤੇ ਪਾਰਟੀ ਨੇਤਾ ਐਂਡ੍ਰਿਊ ਸ਼ੀਅਰ ਨਾਲ਼ ਵਾਅਦਾ ਖ਼ਿਲਾਫੀ ਦਾ ਦੋਸ਼ ਲਗਾਇਆ ਗਿਆ ਹੈ।
ਇੱਕ ਅਹਿਮ ਪਾਰਟੀ ਸੂਤਰ ਨੇ ਦੱਸਿਆ ਕਿ ਮੈਕਸਿਮ ਬਰਨੀਏ ਨੇ ਸ਼ੀਅਰ ਨਾਲ਼ ਇਹ ਵਾਅਦਾ ਕੀਤਾ ਸੀ ਕਿ ਉਹ ਸਿਆਸਤ ਵਿੱਚੋਂ ਸੇਵਾ ਮੁਕਤ ਹੋਣ ਤੱਕ ਆਪਣੀ ਕਿਤਾਬ ਰਿਲੀਜ਼ ਨਹੀਂ ਕਰੇਗਾ ਜੋ ਡੇਅਰੀ ਖ਼ੇਤਰ ਦੀ ਸਪਲਾਈ ਮੈਨੇਜਮੈਂਟ ਦੇ ਵਿਸ਼ੇ ਤੇ ਆਧਾਰਿਤ ਹੈ। 
ਹਾਲ ਹੀ ਵਿੱਚ ਬਰਨੀਏ ਨੇ ਇਸ ਕਿਤਾਬ ਚੋਂ ਇੱਕ ਚੈਪਟਰ ਰਿਲੀਜ਼ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ੀਅਰ ਜਾਅਲੀ ਵੋਟਾਂ ਰਾਹੀਂ ਉਹਨਾਂ ਤੋਂ ਲੀਡਰਸ਼ਿੱਪ ਦੌੜ ਵਿੱਚ ਜਿੱਤੇ ਹਨ। ਹਾਲੇ ਕਿਤਾਬ ਦੀ ਰਿਲੀਜ਼ ਹੋਣ ਦੀ ਮਿਤੀ ਤੈਅ ਨਹੀਂ ਹੈ ਪਰ ਸ਼ੀਅਰ ਦੀ ਨਜ਼ਰ ਵਿੱਚ ਬਰਨੀਏ ਨੇ ਆਪਣਾ ਵਾਅਦਾ ਤੋੜਿਆ ਹੈ ਅਤੇ ਇਸ ਲਈ ਉਹਨਾਂ ਨੂੰ ਪਾਰਟੀ ਦੇ ਸ਼ੈਡੋ ਕੈਬਨਿਟ ਦੇ ਅਹੁਦੇ ਤੋਂ ਹਟਾਇਆ ਗਿਆ ਹੈ। 
ਮੰਗਲਵਾਰ ਨੂੰ ਸ਼ੀਅਰ ਨੇ ਇੱਕ ਸਟੇਟਮਿੰਟ ਵਿੱਚ ਕਿਹਾ, “ਮੈਂ ਬਰਨੀਏ ਨੂੰ ਉਹਨਾਂ ਦੇ ਸ਼ੈਡੋ ਕੈਬਨਿਟ ਦੇ ਅਹੁਦੇ ਤੋਂ ਤੁਰੰਤ ਹਟਾ ਰਿਹਾ ਹਾਂ। ਸਾਇੰਸ ਦੇ ਸ਼ੈਡੋ ਮੰਤਰੀ ਮੈਟ ਜੈਨੇਰੌਕਸ ਅੰਤ੍ਰਿਮ ਤੌਰ ਤੇ ਇਨੋਵੇਸ਼ਨ, ਸਾਇੰਸ ਅਤੇ ਇਕਨਾਮਿਕ ਡਿਵਲਪਮੈਂਟ ਦੀ ਸ਼ੈਡੋ ਕੈਬਨਿਟ ਦੇ ਕੰਮ ਨੂੰ ਵੇਖਣਗੇ।”
ਹਾਲ ਹੀ ਵਿੱਚ ਬਰਨੀਏ ਦੀ ਤਾਕਤ ਦੇ ਪਰ ਕੁਤਰਨੇ ਸ਼ੁਰੂ ਹੋਏ ਹਨ ਜਦੋਂ ਉਹਨਾਂ ਨੇ ਕੈਨੇਡੀਅਨ ਸਪਲਾਈ ਚੇਨ ਮੈਨੇਜਮੈਂਟ ਸਿਸਟਮ ਜੋ ਡੇਰੀ ਕਿਸਾਨਾਂ ਨੂੰ ਬਾਹਰੀ ਮਾਰਕੀਟ ਤੋਂ ਬਚਾਉਂਦਾ ਹੈ ਤੇ ਵਾਰ ਕਰਨੇ ਸ਼ੁਰੂ ਕੀਤੇ ਹਨ। ਇਸ ਗਰੁੱਪ ਨੇ ਕੰਜ਼ਰਵਟਿਵ ਪਾਰਟੀ ਨਾਲੋਂ ਨਾਤਾ ਤੋੜਦਿਆਂ ਆਪਣਾ ਟ੍ਰੰਪ ਵਿਰੁੱਧ ਲੜਾਈ ਵਿੱਚ ਆਪਣਾ ਸਮਰਥਨ ਟਰੂਡੋ ਨੂੰ ਦਿਤਾ ਹੈ। 
ਇਸ ਤੋਂ ਇਲਾਵਾ ਪਿਛਲੇ ਦਿਨੀਂ ਬਰਨੀਏ ਨੇ ਇੱਕ ਕਾਲੇ ਰੰਗ ਦੀ ਲਿਬਰਲ ਐੱਮæਪੀ ਨਾਲ਼ ਚਮੜੀ ਦੇ ਰੰਗ ਤੇ ਸਿੰਗ ਫਸਾ ਲਏ ਸਨ।