ਮੁੰਬਈ, 12 ਜੁਲਾਈ
ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਐਨਡੀਏ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵਲੋਂ ਇਹ ਹਮਾਇਤ ਬਿਨਾਂ ਕਿਸੇ ਦਬਾਅ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਮੈਂਬਰਾਂ ਨੇ ਅਪੀਲ ਕੀਤੀ ਸੀ ਕਿ ਪਹਿਲੀ ਵਾਰ ਕਬਾਇਲੀ ਉਮੀਦਵਾਰ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ, ਇਸ ਕਰ ਕੇ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਸ੍ਰੀ ਠਾਕਰੇ ਨੇ ਕਿਹਾ ਕਿ ਮੌਜੂਦਾ ਹਾਲਾਤ ਅਨੁਸਾਰ ਇਹ ਹਮਾਇਤ ਢੁਕਵੀਂ ਨਹੀਂ ਹੈ ਪਰ ਉਨ੍ਹਾਂ ਦੀ ਪਾਰਟੀ ਤੰਗ ਨਜ਼ਰੀਏ ਵਾਲੀ ਪਾਰਟੀ ਨਹੀਂ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਯੂਪੀਏ ਉਮੀਦਵਾਰ ਪ੍ਰਤਿਭਾ ਪਾਟਿਲ ਤੇ ਪ੍ਰਣਬ ਮੁਖਰਜੀ ਦੀ ਹਮਾਇਤ ਕਰਦੀ ਰਹੀ ਹੈ, ਉਨ੍ਹਾਂ ਦੀ ਪਾਰਟੀ ਇਹ ਫੈਸਲਾ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਹੀ ਮੁੱਖ ਰੱਖ ਕੇ ਲੈਂਦੀ ਰਹੀ ਹੈ। ਉਹ ਭਾਜਪਾ ਦੀ ਹਮਾਇਤ ਨਹੀਂ ਬਲਕਿ ਦਰੋਪਦੀ ਮੁਰਮੂ ਦੀ ਹਮਾਇਤ ਕਰ ਰਹੇ ਹਨ।