ਨਵੀਂ ਦਿੱਲੀ, 7 ਸਤੰਬਰ
ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਇੱਥੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਕੋਵਿੰਦ ਨੂੰ ਇਕੱਠਿਆਂ ਚੋਣਾਂ ਕਰਾਉਣ ਬਾਰੇ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਨਾਲ ਘੰਟਾ ਭਰ ਚੱਲੀ ਮੀਟਿੰਗ ਨੂੰ ਸ਼ਿਸ਼ਟਾਚਾਰ ਵਜੋਂ ਕੀਤੀ ਮੁਲਾਕਾਤ ਦੱਸਿਆ। ਦੱਸਣਯੋਗ ਹੈ ਕਿ ਇਕੱਠਿਆਂ ਚੋਣਾਂ ਕਰਾਉਣ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਦੀ ਪਹਿਲੀ ਮੀਟਿੰਗ ਰੱਖਣ ਲਈ ਯਤਨ ਹੋ ਰਹੇ ਹਨ ਤੇ ਮੀਟਿੰਗ ਦੀ ਥਾਂ ਬਾਰੇ ਅਗਲੇ ਦਿਨਾਂ ਵਿਚ ਫੈਸਲਾ ਲਿਆ ਜਾਵੇਗਾ। ਭਵਿੱਖ ਵਿਚ ਮੀਟਿੰਗਾਂ ਹਾਈਬ੍ਰਿਡ ਮਾਧਿਅਮ ਰਾਹੀਂ ਵੀ ਹੋ ਸਕਦੀਆਂ ਹਨ। ਕਾਨੂੰਨ ਮੰਤਰਾਲਾ ਉਨ੍ਹਾਂ ਅਧਿਕਾਰੀਆਂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ’ਚ ਹੈ ਜੋ ਕਮੇਟੀ ਦੀ ਮਦਦ ਕਰਨਗੇ। ਚੋਣਾਂ ਇਕੱਠਿਆਂ ਕਰਾਉਣ ਬਾਰੇ ਸਰਕਾਰ ਨੇ ਕੋਵਿੰਦ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਬਣਾਈ ਹੈ।