ਮੁੰਬਈ, 19 ਅਕਤੂਬਰ

ਫ਼ਿਲਮਸਾਜ਼ ਹੰਸਲ ਮਹਿਤਾ ਤੇ ਅਦਾਕਾਰ ਰਾਜਕੁਮਾਰ ਰਾਓ ਨੇ ਅੱਜ 2013 ਵਿਚ ਆਈ ਆਪਣੀ ਫ਼ਿਲਮ ‘ਸ਼ਾਹਿਦ’ ਦੇ ਸੱਤ ਸਾਲ ਮੁਕੰਮਲ ਹੋਣ ਉਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ। ਗੰਭੀਰ ਸ਼੍ਰੇਣੀ ਦੀ ਇਹ ਫ਼ਿਲਮ ਕਾਫ਼ੀ ਪਸੰਦ ਕੀਤੀ ਗਈ ਸੀ। ‘ਸ਼ਾਹਿਦ’ ਵਕੀਲ ਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਾਹਿਦ ਆਜ਼ਮੀ ’ਤੇ ਆਧਾਰਿਤ ਸੀ ਜਿਸ ਦੀ 2010 ਵਿਚ ਹੱਤਿਆ ਕਰ ਦਿੱਤੀ ਗਈ ਸੀ। ਫ਼ਿਲਮ ਦਾ ਵਿਸ਼ਵ ਪੱਧਰੀ ਪ੍ਰੀਮੀਅਰ ਟੋਰਾਂਟੋ ਕੌਮਾਂਤਰੀ ਫ਼ਿਲਮ ਫੈਸਟੀਵਲ ਵਿਚ ਕੀਤਾ ਗਿਆ ਸੀ ਤੇ ਇਸ ਨੂੰ ਕਾਫ਼ੀ ਸਰਾਹਿਆ ਗਿਆ ਸੀ। ਰਾਓ ਨੂੰ ਇਸ ਫ਼ਿਲਮ ਲਈ ਕੌਮੀ ਸਨਮਾਨ ਦਿੱਤਾ ਗਿਆ ਸੀ। ਰਾਓ ਨੇ ਨਿਰਦੇਸ਼ਕ ਮਹਿਤਾ ਵੱਲੋਂ ਟਵੀਟ ਫੋਟੋਆਂ ਨੂੰ ਰੀ-ਟਵੀਟ ਕੀਤਾ ਤੇ ਇਸ ਨਾਲ ਜੁੜੇ ਹੋਰਨਾਂ ਨੂੰ ਵੀ ਟੈਗ ਕੀਤਾ। ਲੇਖਕ ਅਪੂਰਵ ਅਸਰਾਨੀ ਨੇ ਕਿਹਾ ਕਿ ਉਹ ਇਸ ਫ਼ਿਲਮ ਨਾਲ ਜੁੜ ਕੇ ਬੇਹੱਦ ਖ਼ੁਸ਼ੀ ਮਹਿਸੂਸ ਕਰਦਾ ਹੈ। ਫ਼ਿਲਮ ਬਹੁਤਿਆਂ ਲਈ ਕਰੀਅਰ ਦਾ ਅਹਿਮ ਮੋੜ ਸਾਬਿਤ ਹੋਈ। ਸਿਨੇਮਾ ਘਰਾਂ ਵਿਚ ਸ਼ਾਹਿਦ 18 ਅਕਤੂਬਰ 2013 ਨੂੰ ਰਿਲੀਜ਼ ਹੋਈ ਸੀ। ਅਦਾਕਾਰ ਮੁਹੰਮਦ ਜ਼ੀਸ਼ਾਨ ਅਯੂਬ, ਜਿਸ ਨੇ ਸ਼ਾਹਿਦ ਦੇ ਭਰਾ ਆਰਿਫ਼ ਆਜ਼ਮੀ ਦਾ ਕਿਰਦਾਰ ਨਿਭਾਇਆ ਸੀ, ਨੇ ਵੀ ਅਸਰਾਨੀ ਦੇ ਟਵੀਟ ਨੂੰ ਰੀਟਵੀਟ ਕੀਤਾ। ਜ਼ਿਕਰਯੋਗ ਹੈ ਕਿ ਮਹਿਤਾ ਤੇ ਰਾਓ ‘ਸਿਟੀਲਾਈਟਸ’, ‘ਅਲੀਗੜ੍ਹ’ ਲਈ ਇਕੱਠਿਆਂ ਕੰਮ ਕਰ ਚੁੱਕੇ ਹਨ ਤੇ ਹੁਣ ਕਾਮੇਡੀ-ਡਰਾਮਾ ‘ਛਲਾਂਗ’ ਵਿਚ ਨਜ਼ਰ ਆਉਣਗੇ।