ਇਸਲਾਮਾਬਾਦ, 7 ਜਨਵਰੀ
ਵਿੱਤੀ ਸੰਕਟ ’ਚੋਂ ਲੰਘ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੁਖੀ ਕ੍ਰਿਸਟਲੀਨਾ ਜੌਰਜਿਆ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਆਰਥਿਕ ਮਦਦ ਲਈ ਵਿੱਤੀ ਕਿਸ਼ਤ ਜਾਰੀ ਕਰਨ ਦੇ ਰਾਹ ’ਚ ਬਣੇ ਅੜਿੱਕੇ ਦੂਰ ਕਰਨ ਦੀ ਅਪੀਲ ਕੀਤੀ।
ਪਾਕਿਸਤਾਨੀ ਮੀਡੀਆ ਦੀ ਇੱਕ ਰਿਪੋਰਟ ’ਚ ਕੀਤੇ ਗਏ ਦਾਅਵੇ ਅਨੁਸਾਰ ਸ਼ਾਹਬਾਜ਼ ਨੇ ਆਈਐੱਮਐੱਫ ਮੁਖੀ ਨਾਲ ਜਨੇਵਾ ’ਚ ਹੋਣ ਵਾਲੀ ਸੰਭਾਵੀ ਮੁਲਾਕਾਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਹੈ। ਇਸ ਗੱਲਬਾਤ ’ਚ ਉਨ੍ਹਾਂ ਪਾਕਿਸਤਾਨ ਨੂੰ ਆਈਐੱਮਐੱਫ ਤੋਂ ਮਿਲਣ ਵਾਲੀ ਮਦਦ ਦੀ ਅਗਲੀ ਕਿਸ਼ਤ ਜਾਰੀ ਹੋਣ ’ਚ ਬਣੇ ਅੜਿੱਕੇ ਨੂੰ ਲੈ ਕੇ ਚਰਚਾ ਕੀਤੀ ਹੈ। ਹਾਲਾਂਕਿ ਇਸ ਵਾਰਤਾ ਬਾਰੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿ ਪ੍ਰਧਾਨ ਮੰਤਰੀ ਨੇ ਆਈਐੱਮਐੱਫ ਮੁਖੀ ਨੂੰ ਅਪੀਲ ਕੀਤੀ ਹੈ ਕਿ ਮਦਦ ਦੀ ਅਗਲੀ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਨਵੇਂ ਟੈਕਸ ਲਾਉਣ ਦੀ ਸ਼ਰਤ ’ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪਾਕਿਸਤਾਨ ’ਚ ਬਿਜਲੀ ਦਰਾਂ ਵਧਾਉਣ ਲਈ ਰੱਖੀ ਸ਼ਰਤ ’ਚ ਵੀ ਛੋਟ ਦੇਣ ਦੀ ਮੰਗ ਕੀਤੀ ਹੈ।
ਆਈਐੱਮਐੱਫ ਨੇ ਪਾਕਿਸਤਾਨ ਦੀ ਸਾਬਕਾ ਕਰਜ਼ਾ ਪ੍ਰਬੰਧਨ ਯੋਜਨਾ ’ਚ ਹੋਏ ਕਰੀਬ 500 ਅਰਬ ਰੁਪਏ ਦੀ ਕਮੀ ਦੀ ਭਰਪਾਈ ਲਈ ਬਿਜਲੀ ਦਰਾਂ ਵਧਾਉਣ ਲਈ ਕਿਹਾ ਹੈ। ਇਨ੍ਹਾਂ ਸ਼ਰਤਾਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਅੜਿੱਕੇ ਕਾਰਨ ਅਧਿਕਾਰੀ ਪੱਧਰ ਦੀ ਵਾਰਤਾ ’ਚ ਅਗਲੀ ਕਿਸ਼ਤ ਜਾਰੀ ਹੋਣ ’ਤੇ ਸਹਿਮਤੀ ਨਹੀਂ ਬਣੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਬੈਂਕਾਂ ’ਤੇ ਲਾਭ ਟੈਕਸ ਤੇ ਹੜ੍ਹ ਟੈਕਸ ਲਾਉਣ ਲਈ ਤਿਆਰ ਹੈ। ਫਿਲਹਾਲ ਮੀਡੀਆ ਰਿਪੋਰਟਾਂ ’ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਆਈਐੱਮਐੱਫ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਠੋਸ ਭਰੋਸਾ ਦਿੱਤਾ ਹੈ ਜਾਂ ਨਹੀਂ।
ਆਈਐੱਮਐੱਫ ਨੇ ਲੰਘੇ ਅਗਸਤ ਮਹੀਨੇ ’ਚ ਪਾਕਿਸਤਾਨ ਦੇ ਆਰਥਿਕ ਰਾਹਤ ਪ੍ਰੋਗਰਾਮ ਦੀ ਸੱਤਵੀਂ ਤੇ ਅੱਠਵੀਂ ਸਮੀਖਿਆ ਕਰਨ ਤੋਂ ਬਾਅਦ 1.1 ਅਰਬ ਡਾਲਰ ਦੀ ਰਾਸ਼ੀ ਜਾਰੀ ਕਰਨ ਦੀ ਗੱਲ ਕਹੀ ਸੀ। ਉਸ ਸਮੇਂ ਭਿਆਨਕ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਸ ਤੋਂ ਕਾਫੀ ਰਾਹਤ ਮਿਲੀ ਸੀ।