ਜਲੰਧਰ, 7 ਮਈ
ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖ਼ਿਲਾਫ਼ ਪਰਚਾ ਦਰਜ ਕਰਨ ਵਾਲਾ ਐੱਸਐੱਚਓ ਪਰਮਿੰਦਰ ਸਿੰਘ ਬਾਜਵਾ ਵਿਵਾਦਾਂ ਵਿੱਚ ਘਿਰ ਗਿਆ ਹੈ। ਐੱਸਐੱਚਓ ਪਰਮਿੰਦਰ ਸਿੰਘ ਬਾਜਵਾ ਦਾ ਜਲੰਧਰ ਦੇ ਵੱਡੇ ਹੋਟਲ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਕਥਿਤ ਤੌਰ ’ਤੇ ਇੱਕ ਔਰਤ ਨਾਲ ਦਿਖਾਈ ਦੇ ਰਿਹਾ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ’ਤੇ ਆ ਰਹੇ ਸਮੇਂ ਅਤੇ ਮਿਤੀ ਦੇ ਹਿਸਾਬ ਨਾਲ ਇਹ ਫੁਟੇਜ ਉਸੇ ਰਾਤ ਦੀ ਹੈ ਜਦੋਂ ਐੱਸਐੱਚਓ ਬਾਜਵਾ ਨੇ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।
ਵੀਡੀਓ ਵਿੱਚ ਆ ਰਹੇ ਸਮੇਂ ਅਨੁਸਾਰ ਮਈ ਦੇ ਪਹਿਲੇ ਪਹਿਰ, ਭਾਵ ਰਾਤ 12:30 ਵਜੇ ਪਰਮਿੰਦਰ ਸਿੰਘ ਬਾਜਵਾ ਹੋਟਲ ਦੇ ਕਮਰੇ ਵਿੱਚ ਇੱਕ ਔਰਤ ਨਾਲ ਜਾਂਦੇ ਹਨ ਜਦੋਂਕਿ ਚਾਰ ਘੰਟਿਆਂ ਦੇ ਸਮੇਂ ਦੇ ਫਰਕ ਨਾਲ ਜਲੰਧਰ ਤੋਂ 36 ਕਿਲੋਮੀਟਰ ਦੂਰ ਮਹਿਤਪੁਰ ਥਾਣੇ ’ਚ ਮਾਈਨਿੰਗ ਐਕਟ ਅਧੀਨ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਇੱਕ ਪੰਜਾਬੀ ਚੈਨਲ ਵੱਲੋਂ ਕੀਤੇ ਖੁਲਾਸੇ ’ਚ ਸਾਫ ਦੱਸਿਆ ਗਿਆ ਹੈ ਕਿ ਐੱਸਐੱਚਓ ਬਾਜਵਾ ਇਸ ਦਿਨ ਤੋਂ ਲੈ ਕੇ 5 ਮਈ ਤੱਕ ਇਸੇ ਹੋਟਲ ਦੇ ਕਮਰਾ ਨੰਬਰ 306 ਵਿੱਚ ਮੌਜੂਦ ਸਨ। 4 ਮਈ 12:30 ਤੋਂ ਲੈ ਕੇ 5 ਮਈ ਤੱਕ ਪਰਮਿੰਦਰ ਸਿੰਘ ਬਾਜਵਾ ਦੇ ਨਾਮ 33 ਹਜ਼ਾਰ ਰੁਪਏ ਦਾ ਸ਼ਰਾਬ ਦਾ ਹੀ ਬਿੱਲ ਬਣਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਰਚਾ ਦਰਜ ਕਰਨ ਤੋਂ 4 ਘੰਟੇ ਪਹਿਲਾਂ ਵੀ ਐੱਸਐੱਚਓ ਬਾਜਵਾ ਵੱਲੋਂ ਕਮਰੇ ’ਚ ਸ਼ਰਾਬ ਮੰਗਵਾਈ ਗਈ ਸੀ ਅਤੇ ਪਰਚਾ ਦਰਜ ਕਰਨ ਤੋਂ ਬਾਅਦ ਸਵੇਰੇ 11 ਵਜੇ ਵੀ ਐੱਸਐੱਚਓ ਬਾਜਵਾ ਹੋਟਲ ਦੇ ਕਮਰੇ ਵਿੱਚ ਹੀ ਸਨ ਅਤੇ ਇੱਕ ਵਾਰੀ ਫਿਰ ਉਨ੍ਹਾਂ ਸ਼ਰਾਬ ਦਾ ਆਰਡਰ ਦਿੱਤਾ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਪਰਚਾ ਦਰਜ ਕਰਨ ਤੋਂ ਪਹਿਲਾਂ ਐੱਸਐੱਚਓ ਬਾਜਵਾ ਕਥਿਤ ਤੌਰ ’ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵੱਡੇ ਆਗੂਆਂ ਨਾਲ ਸੰਪਰਕ ’ਚ ਸਨ। ਇਸ ਸਾਰੀ ਘਟਨਾ ਨੈ ਐੱਸਐੱਚਓ ਬਾਜਵਾ ਨੂੰ ਸਵਾਲਾਂ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਹੈ।
ਇਸ ਸਬੰਧੀ ਜਲੰਧਰ ਰੇਂਜ ਦੇ ਆਈ.ਜੀ. ਨੌਨਿਹਾਲ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਇਸ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਡਿਊਟੀ ਕਰ ਰਹੇ ਅਫਸਰਾਂ ’ਤੇ ਭਾਰੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਜੇਕਰ ਕਿਤੇ ਕੋਈ ਕੋਤਾਹੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।
ਉਧਰ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਆਪਣੀ ਹਾਰ ਦੇਖ ਕੇ ਹੀ ਵਿਰੋਧੀ ਅਜਿਹੀਆਂ ਹਰਕਤਾਂ ਕਰ ਰਹੇ ਹਨ।

ਕਾਂਗਰਸੀਆਂ ਨੂੰ ਸ਼ਾਹਕੋਟ ਪੁੱਜਣ ਦਾ ਦਿੱਤਾ ਸੱਦਾ

ਚੰਡੀਗੜ੍ਹ, 7 ਮਈ
ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲਾ ਪ੍ਰਧਾਨਾਂ ਨੂੰ ਕਿਹਾ ਹੈ ਕਿ ਉਹ ਸ਼ਾਹਕੋਟ ਜ਼ਿਮਨੀ ਹਲਕੇ ਦੀ ਚੋਣ ਲਈ ਤਿਆਰੀਆਂ ਸ਼ੁਰੂ ਕਰ ਦੇਣ। ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ 10 ਮਈ ਨੂੰ ਕਾਗਜ਼ ਦਾਖਲ ਕੀਤੇ ਜਾਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਦਫਤਰ ਚੰਡੀਗੜ੍ਹ ਵਲੋਂੱ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਤੇ ਹੋਰਾਂ ਨੂੰ ਕਿਹਾ ਗਿਆ ਹੈ ਕਿ ਉਹ ਸ਼ਾਹਕੋਟ ਵਿੱਚ ਆਪਣੇ ਪਹੁੰਚਣ ਦਾ ਪ੍ਰੋਗਰਾਮ ਬਣਾ ਲੈਣ। ਇਸ ਦੇ ਨਾਲ ਹੀ ਮੰਤਰੀਆਂ ਦੀਆਂ ਵੀ ਡਿਊਟੀਆਂ ਲਾਈਆਂ ਜਾਣਗੀਆਂ।