ਚੰਡੀਗੜ੍ਹ, ਕਾਂਗਰਸ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਅਕਾਲੀਆਂ ਖਿਲਾਫ਼ ਵਿਰੋਧ ਨੂੰ ਭੁਨਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਕਾਂਗਰਸ ਆਗੂਆਂ ਨੂੰ ਆਸ ਹੈ ਕਿ ਇਸੇ ਵਿਰੋਧ ਕਰਕੇ ਉਨ੍ਹਾਂ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਬੇੜੀ ਪਾਰ ਲੱਗ ਜਾਵੇਗੀ। ਉਧਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜੋ ਉਭਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲਿਆ ਸੀ, ਉਹ ਜ਼ਿਮਨੀ ਚੋਣ ਵਿੱਚ ਗਾਇਬ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ, ਜੋ ਅੱਜ ਹੀ ਸ਼ਾਹਕੋਟ ਹਲਕੇ ਤੋਂ ਪਰਤੇ ਹਨ, ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਖਿਲਾਫ਼ ਲੋਕਾਂ ਵਿੱਚ ਜਿਹੜਾ ਗੁੱਸਾ ਅਤੇ ਰੋਸ ਸੀ, ਉਹ ਅਜੇ ਵੀ ਕਾਇਮ ਹੈ। ਉਂਜ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਹਕੋਟ ਤੋਂ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਜਿੱਤ ਗਏ ਸਨ। ਕਾਂਗਰਸ ਪਾਰਟੀ ਇਸ ਹਲਕੇ ਦੀ ਚੋਣ ਨੂੰ ਆਸਾਨ ਨਹੀਂ ਸਮਝ ਰਹੀ ਅਤੇ ਕਾਂਗਰਸ ਆਗੂਆਂ ਦਾ ਦਾਅਵਾ ਹੈ ਕਿ ਇਸ ਵਾਰ ਪਾਰਟੀ ਨੂੰ ਲਾਹਾ ਮਿਲੇਗਾ। ਦੂਜੇ ਪਾਸੇ ਕਾਂਗਰਸ ਪਾਰਟੀ ਇਸ ਗੱਲ ਨੂੰ ਉਭਾਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਕੋਲੋਂ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਮੁਆਫ਼ੀ ਮੰਗਣ ਨਾਲ ਸਥਿਤੀ ਬਦਲ ਗਈ ਹੈ। ਇਸ ਇਕੱਲੇ ਐਕਸ਼ਨ ਨਾਲ ਹੀ ‘ਆਪ’ ਦੀ ਅਕਾਲੀਆਂ ਅਤੇ ਕਾਂਗਰਸ ਪ੍ਰਤੀ ਹਮਲਿਆਂ ਦੀ ਧਾਰ ਨਰਮ ਪੈ ਗਈ ਹੈ। ਇਹ ਵੀ ਅਜੀਬ ਇਤਫ਼ਾਕ ਹੈ ਕਿ ਮੁਆਫ਼ੀ ਮੰਗਣ ਦੇ ਮੁੱਦੇ ਨੂੰ ਲੈ ਕੇ ਇਸ ਹਲਕੇ ਤੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲਾ ਅਮਰਜੀਤ ਸਿੰਘ ਥਿੰਦ ਉਸ ਪਾਰਟੀ ਵਿੱਚ ਚਲਾ ਗਿਆ ਹੈ, ਜਿਸ ਪਾਰਟੀ ਦੇ ਆਗੂ ਕੋਲੋਂ ਕੇਜਰੀਵਾਲ ਨੇ ਮੁਆਫ਼ੀ ਮੰਗੀ ਹੈ। ਕਾਂਗਰਸ ਪ੍ਰਧਾਨ ਜਾਖੜ ਦਾ ਕਹਿਣਾ ਹੈ ਕਿ ਇਹ ਤਰਕ ਹਲਕੇ ਦੇ ਲੋਕਾਂ ਨੂੰ ਸਮਝ ਆ ਗਿਆ ਹੈ। ਇਸ ਕਰਕੇ ਪਰਵਾਸੀ ਭਾਰਤੀ ਵੀ ਆਮ ਆਦਮੀ ਪਾਰਟੀ ਦੀ ਪਿਛਲੀਆਂ ਚੋਣਾਂ ਵਰਗੀ ਹਮਾਇਤ ਨਹੀਂ ਕਰਨਗੇ। ਇਸ ਹਲਕੇ ਤੋਂ ਕਾਫੀ ਗਿਣਤੀ ਵਿੱਚ ਲੋਕ ਵਿਦੇਸ਼ ਵਿੱਚ ਵਸਦੇ ਹਨ ਅਤੇ ਪਰਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦਾ ਹਰ ਪੱਖ ਤੋਂ ਡੱਟ ਕੇ ਸਾਥ ਦਿੱਤਾ ਸੀ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਨਾਲੋਂ ਜਿਹੜੇ ਵੋਟ ਟੁੱਟਣਗੇ, ਉਹ ਕਾਂਗਰਸ ਦੇ ਹੱਕ ਵਿੱਚ ਆ ਜਾਣਗੇ। ਪਰ ਕਾਂਗਰਸ ਸਰਕਾਰ ਕੋਲ ਵੀ ਕਈ ਸਵਾਲਾਂ ਦੇ ਵਾਜਿਬ ਜਵਾਬ ਨਹੀਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਤ, ਨਸ਼ੀਲੇ ਪਦਾਰਥਾਂ, ਟਰਾਂਸਪੋਰਟ, ਕੇਬਲ ਮਾਫ਼ੀਆ ਸਮੇਤ ਕਈ ਹੋਰ ਮਾਫ਼ੀਏ ਖ਼ਤਮ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰ ਸਰਕਾਰ ਦਾ ਸਵਾ ਸਾਲ ਨਿਬੜ ਚੁਕਿਆ ਹੈ ਪਰ ਸਥਿਤੀ ਵਿਚ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਇਆ ਹੈ।