ਨਵੀਂ ਦਿੱਲੀ, 7 ਮਾਰਚ

ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਸ਼ਾਲਿਜ਼ਾ ਧਾਮੀ ਨੂੰ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੋਣ ਦਾ ਮਾਣ ਹਾਸਲ ਹੋਇਆ ਹੈ ਜਿਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲੀ ਗਈ ਹੈ। ਕੌਮਾਂਤਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲਿਜ਼ਾ ਨੇ ਵੱਡੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਹਵਾਈ ਸੈਨਾ ਨੇ ਉਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਲਈ ਚੁਣਿਆ ਹੈ। ਸੂਤਰਾਂ ਮੁਤਾਬਕ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਧਾਮੀ ਮਿਜ਼ਾਈਲ ਯੂਨਿਟ ਦੀ ਕਮਾਂਡ ਸੰਭਾਲਣਗੇ।