ਨਵੀਂ ਦਿੱਲੀ:ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਅਨੁਸਾਰ ਸ਼ਾਰਦੁਲ ਠਾਕੁਰ ਵਿੱਚ ਹਰਫਨਮੌਲਾ ਬਣਨ ਦੀ ਕਾਬਲੀਅਤ ਹੈ ਅਤੇ ਹਾਰਦਿਕ ਪਾਂਡਿਆ ਦੀ ਗੈਰ-ਮੌਜੂਦਗੀ ਵਿੱਚ ਟੀਮ ਨੂੰ ਇਸ ਦੀ ਜ਼ਰੂਰਤ ਵੀ ਹੈ। ਅਰੁਣ ਨੇ ਕਿਹਾ, ‘‘ਹਰਫਨਮੌਲਾ ਖਿਡਾਰੀਆਂ ਨੂੰ ਲੱਭਣਾ ਚੋਣ ਕਮੇਟੀ ਦਾ ਕੰਮ ਹੈ ਅਤੇ ਫਿਰ ਅਸੀਂ ਇਨ੍ਹਾਂ ’ਚ ਨਿਖਾਰ ਲਿਆ ਸਕਦੇ ਹਾਂ। ਸ਼ਾਰਦੁਲ ਨੇ ਸਾਬਤ ਕੀਤਾ ਹੈ ਕਿ ਉਹ ਹਰਫਨਮੌਲਾ ਬਣ ਸਕਦਾ ਹੈ। ਆਸਟਰੇਲੀਆ ’ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਪਾਂਡਿਆ ਨੇ ਪਿਛਲਾ ਟੈਸਟ 2018 ’ਚ ਇੰਗਲੈਂਡ ਦੌਰੇ ਦੌਰਾਨ ਖੇਡਿਆ ਸੀ। ਉਹ ਪਿੱਠ ’ਤੇ ਸੱਟ ਲੱਗਣ ਕਾਰਨ 2019 ਤੋਂ ਜੂਝ ਰਿਹਾ ਹੈ। ਅਰੁਣ ਨੇ ਮੰਨਿਆ ਕਿ ਪਾਂਡਿਆ ਵਰਗਾ ਖਿਡਾਰੀ ਲੱਭਣਾ ਮੁਸ਼ਕਲ ਹੈ।