ਨਵੀਂ ਦਿੱਲੀ, 31 ਅਕਤੂਬਰ
ਬੰਗਲਾਦੇਸ਼ ਕ੍ਰਿਕਟ ਟੀਮ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਇੱਥੇ ਕੌਮੀ ਰਾਜਧਾਨੀ ਵਿੱਚ ਐਤਵਾਰ ਨੂੰ ਖੇਡੇ ਜਾਣ ਵਾਲੇ ਮੁਕਾਬਲੇ ਨਾਲ ਕਰੇਗੀ। ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਗ਼ੈਰ-ਮੌਜੂਦਗੀ ਵਿੱਚ ਬੰਗਲਾਦੇਸ਼ ਟੀਮ ਅੱਜ ਭਾਰਤ ਪਹੁੰਚ ਗਈ ਹੈ। ਆਪਣੇ ਦੇਸ਼ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਸ਼ਾਕਿਬ ’ਤੇ ਇੱਕ ਦਿਨ ਪਹਿਲਾਂ ਹੀ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਆਈਸੀਸੀ ਨੇ ਇਹ ਪਾਬੰਦੀ ਸੱਟੇਬਾਜ਼ੀ ਦੀ ਪੇਸ਼ਕਸ਼ ਹੋਣ ਸਬੰਧੀ ਜਾਣਕਾਰੀ ਨਾ ਦੇਣ ਕਾਰਨ ਲਾਈ ਹੈ।
ਬੰਗਲਾਦੇਸ਼ੀ ਟੀਮ ਤਿੰਨ ਟੀ-20 ਮੈਚ ਨਵੀਂ ਦਿੱਲੀ (ਤਿੰਨ ਨਵੰਬਰ), ਰਾਜਕੋਟ (ਸੱਤ ਨਵੰਬਰ) ਅਤੇ ਨਾਗਪੁਰ (ਦਸ ਨਵੰਬਰ) ਨੂੰ ਖੇਡੇਗੀ। ਇਸ ਤੋਂ ਇਲਾਵਾ ਦੋ ਟੈਸਟ ਮੈਚ ਇੰਦੌਰ (14 ਤੋਂ 18 ਨਵੰਬਰ) ਅਤੇ ਕੋਲਕਾਤਾ (22 ਤੋਂ 26 ਨਵੰਬਰ) ਖੇਡੇ ਜਾਣਗੇ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਦਿਨ-ਰਾਤ ਦਾ ਟੈਸਟ ਮੈਚ ਖੇਡਿਆ ਜਾਵੇਗਾ।
ਬੰਗਲਾਦੇਸ਼ ਦੇ ਟੀ-20 ਕਪਤਾਨ ਮਹਿਮੂਦੁੱਲ੍ਹਾ ਰਿਆਦ ਨੇ ਕਿਹਾ ਕਿ ਭਾਰਤ ਦੌਰੇ ’ਤੇ ਸ਼ਾਕਿਬ ਦੀ ਘਾਟ ਉਨ੍ਹਾਂ ਦੀ ਕਮਜੋਰੀ ਨਹੀਂ, ਸਗੋਂ ਚੰਗੇ ਪ੍ਰਦਰਸ਼ਨ ਲਈ ਪ੍ਰੇਰਨਾ ਸਰੋਤ ਬਣੇਗੀ। ਮਹਿਮੂਦੁੱਲ੍ਹਾ ਨੇ ਈਐੱਸਪੀਐੱਨ ਕ੍ਰਿਕਇੰਫੋ ਨੂੰ ਕਿਹਾ, ‘‘ਅਸੀਂ ਆਪਣੇ ਦੇਸ਼ ਲਈ ਸਰਵੋਤਮ ਪ੍ਰਦਰਸ਼ਨ ਕਰਾਂਗੇ।’’ ਉਸ ਨੇ ਕਿਹਾ, ‘‘ਸ਼ਾਕਿਬ ਦੀ ਗ਼ੈਰ-ਮੌਜੂਦਗੀ ਸਾਡੇ ਲਈ ਪ੍ਰੇਰਨਾ ਦਾ ਕੰਮ ਕਰੇਗੀ। ਦੇਸ਼ ਲਈ ਖੇਡਣ ਤੋਂ ਵੱਡਾ ਸਨਮਾਨ ਕੋਈ ਨਹੀਂ। ਮੇਰੇ ’ਤੇ ਕਪਤਾਨੀ ਦੀ ਜ਼ਿੰਮੇਵਾਰੀ ਹੈ। ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗਾ।’’ ਮਹਿਮੂਦੁੱਲ੍ਹਾ ਨੇ ਸਵੀਕਾਰ ਕੀਤਾ ਕਿ ਇਹ ਦੌਰਾ ਸਖ਼ਤ ਹੋਵੇਗਾ। ਟੀਮ ਦੇ ਇੱਕ ਹੋਰ ਸੀਨੀਅਰ ਖਿਡਾਰੀ ਮੁਸ਼ਫਿਕੁਰ ਰਹੀਮ ਨੇ ਕਿਹਾ, ‘‘ਭਾਰਤ ਨੂੰ ਉਸ ਦੇ ਘਰ ਵਿੱਚ ਹਰਾਉਣਾ ਚੁਣੌਤੀਪੂਰਨ ਹੈ, ਪਰ ਇਹ ਇੱਕ ਮੌਕਾ ਵੀ ਹੈ।’’