ਮੁੰਬਈ, 30 ਅਪਰੈਲ

ਨਾਮਵਰ ਹਸਤੀਆਂ ਦਾ ਸ਼ਾਕਾਹਾਰੀ ਭੋਜਨ ਅਪਣਾਉਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਪਿਛਲੇ ਸਾਲ ਕਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਸਿਨੇ ਜਗਤ ਦੇ ਕਈ ਸਿਤਾਰਿਆਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਦਲੀਆਂ ਹਨ। ਇਸ ਬਦਲਾਅ ਨੂੰ ਇਹ ਹਸਤੀਆਂ ਵੱਖ-ਵੱਖ ਨਜ਼ਰੀਏ ਤੋਂ ਵੇਖਦੀਆਂ ਹਨ। ਕੁਝ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਜਾਨਵਰਾਂ ਪ੍ਰਤੀ ਪਿਆਰ ਕਾਰਨ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਹੈ। ਕੁਝ ਇਸ ਨੂੰ ਵਾਤਾਵਰਨ ਸ਼ੁੱਧਤਾ (ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਾਉਣਾ) ਲਈ ਹੰਭਲਾ ਮੰਨਦੇ ਹਨ ਅਤੇ ਕੁਝ ਹੋਰ ਇਸ ਨੂੰ ਨਿਰੋਗ ਜੀਵਨ ਲਈ ਸ਼ੁਭ ਸੰਕੇਤ ਮੰਨਦੇ ਹਨ। ਸਾਲ 2020 ਦੌਰਾਨ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਨੇ ‘ਸ਼ਾਕਾਹਾਰੀ ਭੋਜਨ’ ਅਪਣਾਇਆ ਜਿਨ੍ਹਾਂ ਵਿੱਚ ਭੂਮੀ ਪੇਡਨੇਕਰ, ਜੇਨੀਲੀਆ ਡਿਸੂਜ਼ਾ, ਰਿਤੇਸ਼ ਦੇਸ਼ਮੁਖ ਅਤੇ ਸੰਜੇ ਦੱਤ ਸ਼ਾਮਲ ਹਨ। ਇਸੇ ਦੌਰਾਨ ਕਾਰਤਿਕ ਆਰੀਅਨ, ਸੋਨਮ ਕੇ. ਆਹੂਜਾ, ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਸਮੇਤ ਹੋਰ ਸਿਤਾਰਿਆਂ ਦਾ ਕਹਿਣਾ ਹੈ ਕਿ ਉਹ ਹਰੀਆਂ ਸਬਜ਼ੀਆਂ ਖਾ ਰਹੇ ਹਨ।

ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਦਾ ਕਹਿਣਾ ਹੈ ਕਿ ਉਹ ਜਾਨਵਰਾਂ ਦੀ ਮਦਦ ਕਰਨਾ ਚਾਹੁੰਦੀ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਸ਼ਿਲਪਾ ਨੇ ਆਖਿਆ,‘‘ਮੈਂ ਵਾਤਾਵਰਨ ਦੀ ਸ਼ੁੱਧਤਾ ਲਈ ਮੀਟ ਖਾਣਾ ਛੱਡਿਆ ਅਤੇ ਜਾਨਵਰਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੀਟ ਲਈ ਜਾਨਵਰ ਪਾਲਣ ਨਾਲ ਬਨਸਪਤੀ ਦਾ ਉਜਾੜਾ ਹੁੰਦਾ ਹੈ ਅਤੇ ਸਾਨੂੰ ਜਲਵਾਯੂ ਤਬਦੀਲੀ ਲਈ ਗਰੀਨਹਾਊਸ ਗੈਸਾਂ ਬਚਾਉਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ।’’ ਸੰਸਥਾ ਪੀਪਲ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲ (ਪੀਈਈਏ) ਦੀ ਮੁਹਿੰਮ ‘ਚਿਕਸ ਲਵ ਏ ਵੈਜੀਟੇਰੀਅਨ’ ਨਾਲ ਜੁੜੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਜ਼ਿੰਦਗੀ ਦੇ ਹੱਕ ਦੀ ਗੱਲ ਕਰਦੇ ਹਨ। ਉਸ ਨੇ ਆਖਿਆ,‘‘ਜਾਨਵਰ ਵੀ ਤੁਹਾਡੇ ਤੇ ਮੇਰੇ ਵਾਂਗ ਜਿਉਣਾ ਚਾਹੁੰਦੇ ਹਨ ਅਤੇ ਮੈਂ ਉਨ੍ਹਾਂ ਨੂੰ ਸਵਾਦ ਲਈ ਮਾਰਨਾ ਨਹੀਂ ਚਾਹੁੰਦਾ।’’