ਸੰਯੁਕਤ ਰਾਸ਼ਟਰ, 16 ਜੂਨ
ਸੰਯੁਕਤ ਰਾਸ਼ਟਰ ਆਮ ਸਭਾ (ਯੂਐੱਨਜੀਏ) ਨੇ ਸ਼ਹੀਦ ਹੋਏ ਸ਼ਾਂਤੀ ਰੱਖਿਅਕਾਂ ਦੇ ਸਨਮਾਨ ’ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਇੱਕ ਯਾਦਗਾਰੀ ਕੰਧ ਸਥਾਪਤ ਕਰਨ ਲਈ ਭਾਰਤ ਵੱਲੋਂ ਲਿਆਂਦੇ ਗਏ ਮਤੇ ਦਾ ਖਰੜਾ ਸਰਬ ਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਯੂਐੱਨਜੀਏ ’ਚ ‘ਸੰਯੁਕਤ ਰਾਸ਼ਟਰ ਦੇ ਸ਼ਹੀਦ ਸ਼ਾਂਤੀ ਸੈਨਿਕਾਂ ਲਈ ਯਾਦਗਾਰੀ ਕੰਧ’ ਸਬੰਧੀ ਮਤੇ ਦਾ ਖਰੜਾ ਪੇਸ਼ ਕੀਤਾ। ਆਲਮੀ ਸੰਸਥਾ ਦੇ ਤਕਰੀਬਨ 190 ਮੈਂਬਰ ਮੁਲਕਾਂ ਵੱਲੋਂ ਇਹ ਮਤਾ ਅਜਿਹੇ ਸਮੇਂ ਪਾਸ ਕੀਤਾ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਅਮਰੀਕਾ ਦੀ ਆਪਣੀ ਪਹਿਲੀ ਅਧਿਕਾਰਤ ਸਰਕਾਰੀ ਯਾਤਰਾ ’ਤੇ ਜਾਣ ਵਾਲੇ ਹਨ। ਇਸ ਦੌਰਾਨ ਉਹ 21 ਜੂਨ ਨੂੰ ਸੰਯੁਕਤ ਰਾਸ਼ਟਰ ਹੈਡਕੁਆਰਟਰ ’ਚ ਹੋਣ ਵਾਲੇ ਕੌਮਾਂਤਰੀ ਯੋਗ ਦਿਵਸ ਸਮਾਗਮ ’ਚ ਵੀ ਹਿੱਸਾ ਲੈਣਗੇ। ਮਤਾ ਪੇਸ਼ ਕਰਦਿਆਂ ਕੰਬੋਜ ਨੇ ਕਿਹਾ ਕਿ ਯਾਦਗਾਰੀ ਕੰਧ ਇਸ ਗੱਲ ਦਾ ਸਬੂਤ ਹੋਵੇਗੀ ਕਿ ਸੰਯੁਕਤ ਰਾਸ਼ਟਰ ਆਪਣੀਆਂ ਸ਼ਾਂਤੀ ਮੁਹਿੰਮਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਕੰਧ ਲੋਕਾਂ ਨੂੰ ਨਾ ਸਿਰਫ਼ ਸ਼ਹੀਦਾਂ ਦੀ ਕੁਰਬਾਨੀ ਯਾਦ ਦਿਵਾਏਗੀ ਬਲਕਿ ਉਨ੍ਹਾਂ ਦੇ ਫ਼ੈਸਲਿਆਂ ਲਈ ਚੁਕਾਈ ਗਈ ਅਸਲੀ ਕੀਮਤ ਵੀ ਯਾਦ ਕਰਵਾਏਗੀ। ਭਾਰਤ ਮੌਜੂਦਾ ਸਮੇਂ ’ਚ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਮੁਹਿੰਮ ’ਚ ਤੀਜਾ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਮੁਲਕ ਹੈ। ਭਾਰਤ ਦੇ ਛੇ ਹਜ਼ਾਰ ਤੋਂ ਵੱਧ ਜਵਾਨ ਤੇ ਪੁਲੀਸ ਕਰਮੀ ਸ਼ਾਂਤੀ ਮੁਹਿੰਮਾਂ ਦਾ ਹਿੱਸਾ ਹਨ। ਇਨ੍ਹਾਂ ਮੁਹਿੰਮਾਂ ਦੌਰਾਨ ਹੁਣ ਤੱਕ 177 ਭਾਰਤੀ ਸ਼ਾਂਤੀ ਰੱਖਿਅਕ ਸ਼ਹੀਦ ਹੋ ਚੁੱਕੇ ਹਨ ਤੇ ਸ਼ਹੀਦ ਸ਼ਾਂਤੀ ਰੱਖਿਅਕਾਂ ਦੀ ਇਹ ਗਿਣਤੀ ਕਿਸੇ ਵੀ ਹੋਰ ਮੁਲਕ ਨਾਲੋਂ ਵੱਧ ਹੈ।