ਚੰਡੀਗੜ੍ਹ , ਇੱਥੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਚੰਡੀਗੜ੍ਹ ਵੱਲੋਂ ਸੈਕਟਰ 44 ਵਿੱਚ ਊਧਮ ਸਿੰਘ ਦੇ 77ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਤੇ ਕੌਮ ਲਈ ਸ਼ਹੀਦ ਹੋਣ ਵਾਲੇ ਕਿਸੇ ਇੱਕ ਫ਼ਿਰਕੇ, ਕੌਮ, ਜਾਤੀ ਵਿਸ਼ੇਸ਼ ਲਈ ਨਹੀਂ ਹੁੰਦੇ, ਬਲਕਿ ਉਨ੍ਹਾਂ ਨੇ ਸਮੁੱਚੀ ਮਾਨਵਤਾ ਲਈ ਸ਼ਹੀਦੀ ਦਿੱਤੀ ਹੁੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਸਮਾਜ ਨੇ ਸ਼ਹੀਦਾਂ ਨੂੰ ਜਾਤਾਂ, ਧਰਮਾਂ, ਫ਼ਿਰਕਿਆਂ ਤੇ ਇਲਾਕਿਆਂ ਵਿੱਚ ਵੰਡ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਤ-ਪਾਤ, ਧਰਮ ਤੇ ਫ਼ਿਰਕਿਆਂ ਤੋਂ ਉਪਰ ਉਠ ਕੇ ਸ਼ਹੀਦਾਂ ਨੂੰ ਯਾਦ ਕਰਨ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਪੰਜਾਬ, ਭਾਰਤ ਦਾ ਇੱਕੋ ਇੱਕ ਰਾਜ ਰਿਹਾ ਹੈ ਜਿਹੜਾ ਸਭ ਤੋਂ ਘੱਟ ਸਮਾਂ ਬ੍ਰਿਟਿਸ਼ ਹਕੂਮਤ ਦਾ ਗੁਲਾਮ ਰਿਹਾ। ਪੰਜਾਬ ਨੇ ਭਗਤ ਸਿੰਘ, ਸੁਖਦੇਵ ਤੇ ਸ਼ਹੀਦ ਉੂਧਮ ਸਿੰਘ ਵਰਗੇ ਯੋਧਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਰਾਸ਼ਟਰ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ  ਕੀਤੀ ਤੇ ਸ਼ਹੀਦ ਊਧਮ ਸਿੰਘ ਭਵਨ ਸੁਸਾਇਟੀ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਘੇ ਸਮਾਜ ਸ਼ਾਸਤਰੀ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਦੇਸ਼ ਨੂੰ ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਨ੍ਹਾਂ ਸਮੱਸਿਆਵਾਂ ਨੂੰ ਸ਼ਹੀਦਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ’ਤੇ ਵਿਧਾਇਕ ਬਲਵੀਰ ਸਿੰਘ ਸਿੱਧੂ, ਵਿਧਾਇਕ ਮਦਨ ਲਾਲ ਜਲਾਲਪੁਰ ਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੀਨਾ ਜੰਮੂ ਨੇ ਦੱਸਿਆ ਕਿ ਸੁਸਇਟੀ ਸਭ ਦੇ ਸਹਿਯੋਗ ਨਾਲ ਭਵਨ ਦੀ ਉਸਾਰੀ ਕਰਵਾ ਰਹੀ ਹੈ। ਇਸ ਮੌਕੇ ਡਾ. ਪਰਮਜੀਤ ਸਿੰਘ ਰਾਣੂ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਮੁਫ਼ਤ ਚੈਕਅੱਪ ਕੈਂਪ ਲਾਇਆ। ਕੈਂਪ ਵਿੱਚ 200 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।  ਇਸ ਮੌਕੇ ਡਾ. ਰਵਿੰਦਰ ਕੰਬੋਜ, ਕੌਂਸਲਰ ਰਵਿੰਦਰ ਗੁਜਰਾਲ ਤੇ ਰਾਮ ਸਿੰਘ ਵੀ ਹਾਜ਼ਰ ਸਨ।