ਰਘੁਵੀਰ ਸਿੰਘ ਕਲੋਆ
ਇਕ ਵਾਰ ਦੀ ਗੱਲ ਹੈ। ਇਕ ਪਿੰਡ ਦੀ ਆਬਾਦੀ ਨਾਲ ਲੱਗਦੇ ਨਿਆਈਂ ਵਾਲੇ ਖੇਤਾਂ ’ਚ ਇਕ ਕਿਸਾਨ ਨੇ ਜਦੋਂ ਰੌਣੀ ਕੀਤੀ ਤਾਂ ਉਸ ਨੇ ਪਾਣੀ ਜ਼ਰਾ ਭਰਵਾਂ ਲਾ ਦਿੱਤਾ ਜਿਸ ਨਾਲ ਸਭ ਵੱਟਾਂ ਪਾਣੀ ’ਚ ਡੁੱਬ ਗਈਆਂ। ਉੱਥੇ ਹੀ ਪੱਕੀਆਂ ਖੁੱਡਾਂ ਬਣਾ ਕੇ ਰਹਿੰਦੇ ਕੁਝ ਚੂਹਿਆਂ ’ਤੇ ਤਾਂ ਮੁਸੀਬਤ ਆਣ ਬਣੀ। ਖੁੱਡਾਂ ਪਾਣੀ ਨਾਲ ਤਰੋ-ਤਰ ਹੋ ਗਈਆਂ ਤੇ ਉਹ ਆਪਣੀ ਜਾਨ ਬਚਾਉਂਦੇ ਇੱਧਰ-ਉੱਧਰ ਭੱਜਣ ਲੱਗੇ। ਭੱਜੇ ਜਾਂਦੇ ਇਨ੍ਹਾਂ ਚੂਹਿਆਂ ’ਚੋਂ ਕੁਝ ਤਾਂ ਉੱਪਰ ਉੱਡਦੀਆਂ ਇੱਲ੍ਹਾਂ ਨੇ ਦਬੋਚ ਲਏ ਤੇ ਕੁਝ ਬਚਦੇ-ਬਚਾਉਂਦੇ ਪਿੰਡ ਦੀ ਆਬਾਦੀ ’ਚ ਆ ਵੜੇ। ਇਨ੍ਹਾਂ ’ਚੋਂ ਹੀ ਦੋ ਚੂਹੇ ਇਕ ਕਰਿਆਨੇ ਦੀ ਦੁਕਾਨ ’ਚ ਜਾ ਪੁੱਜੇ। ਪਹਿਲਾਂ ਤਾਂ ਉਹ ਕੁਝ ਸਹਿਮੇ, ਪਰ ਛੇਤੀ ਹੀ ਉੱਥੇ ਪਿਆ ਇੰਨਾ ਨਿੱਕ-ਸੁੱਕ ਦੇਖ ਕੇ ਉਨ੍ਹਾਂ ਦਾ ਡਰ ਚੁੱਕਿਆ ਗਿਆ। ਰਾਤ ਵੇਲੇ ਜਦੋਂ ਦੁਕਾਨ ਮਾਲਕ ਦੁਕਾਨ ਬੰਦ ਕਰਕੇ ਚਲਾ ਗਿਆ ਤਾਂ ਦੋਵੇਂ ਬੇਖੌਫ਼ ਹੋ ਕੇ ਟਹਿਲਣ ਲੱਗੇ। ਖਾਣ-ਪੀਣ ਦੀਆਂ ਵੰਨ-ਸੁਵੰਨੀਆਂ ਚੀਜ਼ਾਂ ਦੇਖ ਕੇ ਉਨ੍ਹਾਂ ਦੀਆਂ ਤਾਂ ਮੌਜਾਂ ਹੀ ਲੱਗ ਗਈਆਂ। ਹੁਣ ਉਨ੍ਹਾਂ ਇੱਥੇ ਹੀ ਪੱਕੇ ਤੌਰ ’ਤੇ ਰਹਿਣ ਦਾ ਮਨ ਬਣਾ ਲਿਆ।
ਕੁਝ ਦਿਨਾਂ ’ਚ ਹੀ ਉਹ ਦੁਕਾਨ ਦੇ ਚੰਗੇ ਭੇਤੀ ਹੋ ਗਏ। ਵੰਨ-ਸੁਵੰਨੀਆਂ ਚੀਜ਼ਾਂ ਖਾ ਕੇ ਉਹ ਵਾਹਵਾ ਮੋਟੇ-ਤਾਜ਼ੇ ਹੋ ਗਏ ਸਨ। ਚੀਜ਼ਾਂ ਇੱਧਰ-ਉੱਧਰ ਖਿੱਲਰੀਆਂ ਵੇਖ ਕੇ ਦੁਕਾਨ ਮਾਲਕ ਨੂੰ ਚੂਹਿਆਂ ਦੀ ਆਮਦ ਦਾ ਸ਼ੱਕ ਤਾਂ ਹੋਇਆ, ਪਰ ਇਹ ਦੋਵੇਂ ਉਸ ਨੂੰ ਵੇਖ ਝੱਟ ਹੀ ਇੱਧਰ-ਉੱਧਰ ਲੁਕ ਜਾਂਦੇ। ਇਨ੍ਹਾਂ ਦੋਵਾਂ ’ਚੋਂ ਇਕ ਲੰਮੀ ਪੂਛ ਵਾਲਾ ਚੂਹਾ ਜ਼ਿਆਦਾ ਸ਼ਰਾਰਤੀ ਸੀ। ਉਹ ਐਵੇਂ ਹੀ ਦੁਕਾਨ ਅੰਦਰ ਪਈਆਂ ਚੀਜ਼ਾਂ ਨੂੰ ਕੁਤਰਦਾ ਰਹਿੰਦਾ। ਉਸ ਦੇ ਸਾਥੀ ਚੂਹੇ ਨੇ ਉਸ ਨੂੰ ਸਮਝਾਇਆ,‘ਦੇਖ ਭਰਾਵਾ! ਐਥੇ ਸਾਨੂੰ ਕਿੰਨੀ ਮੌਜ ਆ, ਐਵੇਂ ਨਾ ਕਿਤੇ ਤੇਰੀਆਂ ਸ਼ਰਾਰਤਾਂ ਕਾਰਨ ਸਾਨੂੰ ਲੈਣੇ ਦੇ ਦੇਣੇ ਪੈ ਜਾਣ।’ ਪਰ ਸ਼ਰਾਰਤੀ ਚੂਹੇ ਨੇ ਇਹ ਕਹਿੰਦਿਆਂ ਝੱਟ ਹੀ ਉਸ ਦੀ ਗੱਲ ਵਿਸਾਰ ਦਿੱਤੀ,
‘ਐਵੇਂ ਨਾ ਫ਼ਿਕਰ ਕਰ, ਰੋਜ਼ ਬਦਾਮ ਖਾਂਦੇ ਹਾਂ, ਹੁਣ ਨ੍ਹੀਂ ਕਾਬੂ ਆਉਂਦੇ ਕਿਸੇ ਦੇ।’
ਹੁਣ ਤਾਂ ਸਗੋਂ ਉਸ ਦੀਆਂ ਸ਼ਰਾਰਤਾਂ ਹੋਰ ਵੀ ਵਧ ਗਈਆਂ। ਦਿਨ ਵੇਲੇ ਉਹ ਬਿਨਾਂ ਕਾਰਨ ਟੀਨ ਦੇ ਪੀਪਿਆਂ ਪਿੱਛੇ ਬੈਠਾ ਖੜਕਾ ਕਰਦਾ ਰਹਿੰਦਾ। ਲਾਲਾ ਵੀ ਪਰੇਸ਼ਾਨ ਹੋ ਗਿਆ। ਇਕ ਰਾਤ ਤਾਂ ਇਸ ਸ਼ਰਾਰਤੀ ਚੂਹੇ ਨੇ ਹੱਦ ਹੀ ਕਰ ਦਿੱਤੀ, ਬੋਰੀਆਂ ਟੁੱਕਣੀਆਂ ਛੱਡ ਕੇ ਇਸ ਨੇ ਲਾਲੇ ਦੇ ਬੈਠਣ ਵਾਲੀ ਗੱਦੀ ਹੀ ਕੁਤਰ ਮਾਰੀ। ਇਹ ਵੇਖ ਕੇ ਲਾਲੇ ਦੇ ਸਬਰ ਦਾ ਭਾਂਡਾ ਭਰ ਗਿਆ ਤੇ ਉਸ ਨੇ ਉਸੇ ਹੀ ਦਿਨ ਸ਼ਹਿਰੋਂ ਇਕ ਚੂਹੇ ਫੜਨ ਵਾਲਾ ਨਵਾਂ-ਨਕੋਰ ਪਿੰਜਰਾ ਮੰਗਵਾ ਲਿਆ। ਰਾਤ ਨੂੰ ਪਿੰਜਰੇ ਅੰਦਰ ਘਿਓ ਨਾਲ ਚੋਪੜੀ ਰੋਟੀ ਦਾ ਟੁਕੜਾ ਲਾ ਕੇ ਉਹ ਜਿਉਂ ਹੀ ਦੁਕਾਨ ਬੰਦ ਕਰਕੇ ਗਿਆ ਤਾਂ ਸ਼ਰਾਰਤੀ ਚੂਹਾ ਘਿਓ ਦੀ ਵਾਸ਼ਨਾ ਲੈਂਦਾ ਝੱਟ ਪਿੰਜਰੇ ਕੋਲ ਜਾ ਪੁੱਜਾ। ਉਸ ਦੇ ਸਾਥੀ ਨੇ ਉਸ ਨੂੰ ਰੋਕਿਆ ਵੀ, ਪਰ ਉਹ ਫਟਾਫਟ ਟਪੂਸੀ ਮਾਰ ਪਿੰਜਰੇ ਦੇ ਅੰਦਰ ਜਾ ਪੁੱਜਿਆ। ਜਿਉਂ ਹੀ ਉਸ ਨੇ ਰੋਟੀ ਦਾ ਟੁਕੜਾ ਮੂੰਹ ਵਿਚ ਪਾਇਆ, ਨਾਲ ਹੀ ਪਿੰਜਰੇ ਦਾ ਦਰਵਾਜ਼ਾ ਬੰਦ ਹੋ ਗਿਆ। ਉਸ ਨੇ ਪਿੰਜਰੇ ’ਚੋਂ ਬਾਹਰ ਨਿਕਲਣ ਲਈ ਬਹੁਤ ਹੱਥ-ਪੈਰ ਮਾਰੇ, ਪਰ ਸਾਰੀ ਰਾਤ ਪਿੰਜਰੇ ਨਾਲ ਘੁਲਣ ਦੇ ਬਾਵਜੂਦ ਬੰਦ ਦਰਵਾਜ਼ਾ ਨਾ ਖੁੱਲ੍ਹਿਆ। ਉਸ ਦੇ ਸਾਥੀ ਨੇ ਇਹ ਕਹਿੰਦਿਆਂ ਉੱਥੋਂ ਜਾਣ ’ਚ ਹੀ ਆਪਣੀ ਭਲਾਈ ਸਮਝੀ,
‘ਦੇਖਿਆ ਭਰਾਵਾ! ਮੈਂ ਕਿਹਾ ਸੀ ਨਾ ਸ਼ਰਾਰਤ ਦਾ ਫ਼ਲ ਮਾੜਾ ਹੀ ਹੁੰਦਾ, ਲੈ ਭੁਗਤ ਸਜ਼ਾ।’
ਅਗਲੀ ਸਵੇਰ ਜਦੋਂ ਲਾਲੇ ਨੇ ਚੂਹੇ ਨੂੰ ਪਿੰਜਰੇ ’ਚ ਫਸਿਆ ਦੇਖਿਆ ਤਾਂ ਉਹ ਬਹੁਤ ਖ਼ੁਸ਼ ਹੋਇਆ। ਚੂਹੇ ਨੂੰ ਡੋਬ ਕੇ ਮਾਰਨ ਦੀ ਤਰਕੀਬ ਲਗਾ ਕੇ, ਉਹ ਪਿੰਜਰੇ ਨੂੰ ਚੁੱਕ ਕੇ ਗੰਦੇ ਨਾਲੇ ਵੱਲ ਤੁਰ ਪਿਆ।