ਨਵੀਂ ਦਿੱਲੀ, 9 ਮਈ
ਇਥੋਂ ਦੀ ਅਦਾਲਤ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟ ਕੇ ਕਤਲ ਕਰਨ ਤੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਖ਼ਿਲਾਫ਼ ਹੱਤਿਆ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਤੈਅ ਕੀਤੇ ਹਨ। ਵਧੀਕ ਸੈਸ਼ਨ ਜੱਜ ਮਨੀਸ਼ਾ ਖੁਰਾਣਾ ਕੱਕੜ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302 (ਕਤਲ) ਅਤੇ 201 (ਅਪਰਾਧ ਦੇ ਸਬੂਤ ਗਾਇਬ ਕਰਨ) ਦੇ ਤਹਿਤ ਮਾਮਲਾ ਬਣਦਾ ਹੈ। ਪੂਨਾਵਾਲਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਆਖੀ ਹੈ। ਕੇਸ ਦੀ ਅਗਲੀ ਸੁਣਵਾਈ 1 ਜੂਨ ਨੂੰ ਤੈਅ ਕੀਤੀ ਗਈ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ 24 ਜਨਵਰੀ ਨੂੰ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।