ਐਡੀਲੇਡ:ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਜੋਅ ਬਰਨਸ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਟੈਸਟ ਲੜੀ ਦੇ ਅਗਲੇ ਮੈਚਾਂ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਕਪਤਾਨ ਵਿਰਾਟ ਕੋਹਲੀ ਦੀ ਘਾਟ ਰੜਕੇਗੀ। ਬਰਨਸ ਨੇ ਕਿਹਾ ਕਿ ਵਿਰਾਟ ਤੇ ਸ਼ਮੀ ਦਾ ਬਾਕੀ ਲੜੀ ਵਿੱਚ ਨਾ ਖੇਡਣਾ ਭਾਰਤ ਲਈ ਵੱਡਾ ਨੁਕਸਾਨ ਹੈ ਪਰ ਟੀਮ ਵਿੱਚ ਕਾਫੀ ਚੰਗੇ ਖਿਡਾਰੀ ਹਨ, ਜੋ ਆਸਟਰੇਲਿਆਈ ਟੀਮ ਲਈ ਚੁਣੌਤੀ ਖੜ੍ਹੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬਰਨਸ ਇਸ ਲੜੀ ਤੋਂ ਪਹਿਲਾਂ ਲੈਅ ਵਿੱਚ ਨਹੀਂ ਸੀ ਪਰ ਪਹਿਲੇ ਟੈਸਟ ਦੀ ਦੂਸਰੀ ਪਾਰੀ ’ਚ ਚੰਗਾ ਸਕੋਰ ਬਣਾ ਕੇ ਉਸ ਨੇ ਵਾਪਸੀ ਕੀਤੀ।