ਬਾਕੂ, 25 ਅਗਸਤ
ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਫਾਈਨਲ ’ਚ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਤੋਂ ਟਾਈਬਰੇਕ ’ਚ 1.5-0.5 ਅੰਕਾਂ ਨਾਲ ਹਾਰ ਗਏ। ਦੂਜਾ 25 ਪਲੱਸ 10 ਟਾਈਬਰੇਕ ਮੁਕਾਬਲਾ 22 ਚਾਲਾਂ ਮਗਰੋਂ ਡਰਾਅ ਰਿਹਾ। ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੇ ਫਿਡੇ ਵਿਸ਼ਵ ਕੱਪ ਫਾਈਨਲ ਖੇਡਣ ਵਾਲੇ ਵਿਸ਼ਵਨਾਥਨ ਆਨੰਦ ਤੋਂ ਬਾਅਦ ਦੂਜੇ ਅਤੇ ਸਭ ਤੋਂ ਨੌਜਵਾਨ ਭਾਰਤੀ ਖਿਡਾਰੀ ਬਣ ਕੇ ਭਾਰਤੀ ਸ਼ਤਰੰਜ ਦੇ ਇਤਿਹਾਸ ਦਾ ਸੁਨਹਿਰਾ ਪੰਨਾ ਲਿਖ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸ਼ਾਨਦਾਰ ਜਿੱਤ ’ਤੇ ਭਾਰਤੀ ਗਰੈਂਡਮਾਸਟਰ ਨੂੰ ਮੁਬਾਰਕਬਾਦ ਦਿੱਤੀ ਹੈ। ਕਾਰਲਸਨ ਦੀ ਵਿਸ਼ਵ ਕੱਪ ’ਚ ਇਹ ਪਹਿਲੀ ਜਿੱਤ ਹੈ ਪਰ ਉਹ ਵਿਸ਼ਵ ਚੈਂਪੀਅਨਸ਼ਿਪ ਪੰਜ ਵਾਰ ਜਿੱਤ ਚੁੱਕੇ ਹਨ। ਉਸ ਨੂੰ ਭਾਰਤ ਦੇ 18 ਵਰ੍ਹਿਆਂ ਦੇ ਪ੍ਰਗਨਾਨੰਦ ਤੋਂ ਪਹਿਲੇ ਟਾਈਬਰੇਕ ਮੁਕਾਬਲੇ ’ਚ ਸਖ਼ਤ ਚੁਣੌਤੀ ਮਿਲੀ ਅਤੇ 45 ਚਾਲਾਂ ਬਾਅਦ ਉਹ ਜਿੱਤ ਸਕੇ। ਦੂਜੇ ਮੁਕਾਬਲੇ ’ਚ ਹਾਲਾਂਕਿ ਉਨ੍ਹਾਂ ਆਪਣਾ ਦਬਦਬਾ ਬਣਾਇਆ। ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਦੋ ਕਲਾਸੀਕਲ ਮੁਕਾਬਲੇ ਡਰਾਅ ਰਹੇ ਸਨ। ਪ੍ਰਗਨਾਨੰਦ ਨੇ ਟੂਰਨਾਮੈਂਟ ’ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਹਿਕਾਰੂ ਨਕਾਮੂਰਾ ਅਤੇ ਤੀਜੇ ਨੰਬਰ ਦੇ ਖਿਡਾਰੀ ਫੈਬਿਆਨੋ ਕਾਰੂਆਨਾ ਨੂੰ ਹਰਾ ਕੇ ਕਾਰਲਸਨ ਖ਼ਿਲਾਫ਼ ਫਾਈਨਲ ’ਚ ਥਾਂ ਬਣਾਈ ਸੀ। ਇਸ ਟੂਰਨਾਮੈਂਟ ਮਗਰੋਂ ਪ੍ਰਗਨਾਨੰਦ ਨੇ ਕੈਂਡੀਡੇਟਸ 2024 ਟੂਰਨਾਮੈਂਟ ’ਚ ਥਾਂ ਬਣਾ ਲਈ ਹੈ ਜੋ ਕੈਨੇਡਾ ’ਚ ਹੋਵੇਗਾ। ਉਹ ਬੌਬੀ ਫਿਸ਼ਰ ਅਤੇ ਕਾਰਲਸਨ ਤੋਂ ਬਾਅਦ ਇਸ ਟੂਰਨਾਮੈਂਟ ’ਚ ਥਾਂ ਬਣਾਉਣ ਵਾਲੇ ਤੀਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ।