ਵਿਜਕ ਆਨ ਜੀ (ਨੀਦਰਲੈਂਡ), 22 ਜਨਵਰੀ
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅੱਠਵੇਂ ਗੇੜ ਵਿੱਚ ਅਜਰਬੇਜਾਨ ਦੇ ਸ਼ਖਰਿਆਰ ਮਾਮੇਦਿਆਰੋਵ ’ਤੇ ਜਿੱਤ ਦਰਜ ਕੀਤੀ ਹੈ ਜਿਸ ਨਾਲ ਉਹ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿੱਚ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਸਾਂਝੇ ਤੌਰ ’ਤੇ ਅੱਗੇ ਵੱਧ ਰਿਹਾ ਹੈ। ਪਿਛਲੇ ਗੇੜ ਵਿੱਚ ਰੂਸ ਦੇ ਵਲਾਦੀਮੀਰ ਕ੍ਰੈਮਨਿਕ ਨੂੰ ਹਰਾਉਣ ਵਾਲੇ ਪੰਜ ਵਾਰ ਦੇ ਜੇਤੂ ਆਨੰਦ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਮਾਮੇਦਿਆਰੋਵ ਨੂੰ ਹਰਾਇਆ ਜੋ ਵਿਸ਼ਵ ਰੈਂਕਿੰਗ ਵਿੱਚ ਹੁਣ ਤੀਜੇ ਸਥਾਨ ’ਤੇ ਹੈ। ਭਾਰਤੀ ਸਟਾਰ ਦੇ ਹੁਣ ਸੰਭਾਵਿਤ ਅੱਜ ਵਿੱਚੋਂ 5.5 ਅੰਕ ਹਨ। ਮੌਜੂਦਾ ਵਿਸ਼ਵ ਚੈਂਪੀਅਨ ਕਾਰਲਸਨ ਦੇ ਵੀ ਇੰਨੇ ਹੀ ਅੰਕ ਹਨ ਜਿਨ੍ਹਾਂ ਨੇ ਹੰਗਰੀ ਦੇ ਰਿਚਰਡ ਰੈਪੋਰਟ ਨੂੰ ਹਰਾਇਆ ਸੀ। ਆਨੰਦ ਅਤੇ ਕਾਰਲਸਨ ਤੋਂ ਬਾਅਦ ਰੂਸ ਦੇ ਇਯਾਨ ਨੇਪਾਮਨਿਯਾਚੀ, ਚੀਨ ਦੇ ਡਿੰਗ ਲੀਰੇਨ ਅਤੇ ਸਥਾਨਕ ਖਿਡਾਰੀ ਅਨੀਸ਼ ਗਿਰੀ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਦੇ ਬਰਾਬਰ ਪੰਜ ਅੰਕ ਹਨ। ਅਜਰਬੇਜਾਨ ਨੇ ਤੈਮੂਰ ਰਾਦਜਾਬੋਵ 4.5 ਅੰਕ ਲੈ ਕੇ ਛੇਵੇਂ ਸਥਾਨ ’ਤੇ ਹਨ ਜਦਕਿ ਹੋਰ ਭਾਰਤੀ ਵਿਦਿਤ ਗੁਜਰਾਤੀ ਚਾਰ ਅੰਕ ਲੈ ਕੇ ਸੱਤਵੇਂ ਸਥਾਨ ’ਤੇ ਹੈ। ਸਾਲ ਦੇ ਇਸ ਪਹਿਲੇ ਸੁਪਰ ਟੂਰਨਾਮੈਂਟ ਵਿੱਚ ਹੁਣ ਵੀ ਪੰਜ ਗੇੜ ਦਾ ਖੇਡ ਬਚਿਆ ਹੈ।