ਨਿਊਯਾਰਕ, 8 ਅਗਸਤ
ਬੈਡਮਿੰਟਨ ਸਟਾਰ ਪੀਵੀ ਸਿੰਧੂ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ਵਿੱਚ ਇਕਲੌਤੀ ਭਾਰਤੀ ਹੈ।
ਫੋਰਬਜ਼ ਨੇ ਮੰਗਲਵਾਰ ਨੂੰ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 15 ਅਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚੋਂ ਪੀਵੀ ਸਿੰਧੂ 13ਵੇਂ ਸਥਾਨ ’ਤੇ ਹੈ। ਵੱਧ ਕਮਾਈ ਕਰਨ ਦੇ ਮਾਮਲੇ ਵਿੱਚ ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਅੱਵਲ ਹੈ। ਫੋਰਬਜ਼ ਦੀ ਸਰਵੋਤਮ ਕਮਾਊ ਮਹਿਲਾ ਅਥਲੀਟ-2019 ਦੀ ਇਸ ਸੂਚੀ ਮੁਤਾਬਕ ਸਿੰਧੂ ਦੀ ਕਮਾਈ 55 ਲੱਖ ਅਮਰੀਕੀ ਡਾਲਰ (ਕਰੀਬ 39 ਕਰੋੜ ਰੁਪਏ) ਹੈ। ਫੌਰਬਜ਼ ਨੇ ਕਿਹਾ, ‘‘ਸਿੰਧੂ ਭਾਰਤੀ ਬਾਜ਼ਾਰ ਵਿੱਚ ਕਮਾਈ ਕਰਨ ਵਾਲੀ ਮੋਹਰੀ ਮਹਿਲਾ ਅਥਲੀਟ ਰਹੀ। ਸਾਲ 2018 ਦੇ ਆਖ਼ਰੀ ਸੈਸ਼ਨ ਵਿੱਚ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਬਣੀ ਸੀ।’’
ਦੁਨੀਆਂ ਦੀਆਂ ਸ਼ਿਖਰਲੀਆਂ 15 ਖਿਡਾਰਨਾਂ ਦੀ ਸੂਚੀ ਵਿੱਚ ਸੇਰੇਨਾ ਵਿਲੀਅਮਜ਼ ਪਹਿਲੇ ਸਥਾਨ ’ਤੇ ਹੈ। ਸੇਰੇਨਾ ਦੀ ਕਮਾਈ 2.92 ਕਰੋੜ ਅਮਰੀਕੀ ਡਾਲਰ ਹੈ। ਫੋਰਬਜ਼ ਨੇ ਦੱਸਿਆ ਕਿ 37 ਸਾਲਾ ਵਿਲੀਅਮਜ਼ ਅਗਲੇ ਸਾਲ ਤੱਕ ਟੈਨਿਸ ਖੇਡਣਾ ਘੱਟ ਕਰ ਦੇਵੇਗੀ। ਇਸ ਮਗਰੋਂ ਉਹ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੱਪੜਿਆਂ ਦੇ ਕਾਰੋਬਾਰ ਵਿੱਚ ‘ਐੱਸ ਬਾਈ ਸੇਰੇਨਾ’ ਨਾਲ ਕਰੇਗੀ। ਉਸ ਦੀ ਅਗਲੇ ਸਾਲ (2020) ਤੱਕ ਗਹਿਣਿਆਂ ਅਤੇ ਸੁੰਦਰਤਾ ਨਾਲ ਸਬੰਧਤ ਉਤਪਾਦਾਂ ਨੂੰ ਵੀ ਲਾਂਚ ਕਰਨ ਦੀ ਯੋਜਨਾ ਹੈ।
ਇਸੇ ਲੜੀ ਤਹਿਤ ਦੂਜੇ ਸਥਾਨ ਜਾਪਾਨ ਦੀ ਨਾਓਮੀ ਓਸਾਕਾ ਹੈ, ਜਿਸ ਨੇ 2018 ਯੂਐੱਸ ਓਪਨ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਇਸ ਖ਼ਿਤਾਬੀ ਮੁਕਾਬਲੇ ਵਿੱਚ ਓਸਾਕਾ ਨੇ 23 ਵਾਰ ਦੀ ਗਰੈਂਡ ਸਲੈਮ ਜੇਤੂ ਵਿਲੀਅਮਜ਼ ਨੂੰ ਸ਼ਿਕਸਤ ਦਿੱਤੀ ਸੀ। ਓਸਾਕਾ ਦੀ ਕੁੱਲ ਕਮਾਈ 2.43 ਕਰੋੜ ਅਮਰੀਕੀ ਡਾਲਰ ਹੈ, ਜੋ ਉਸ ਨੇ ਇਨਾਮੀ ਰਕਮ, ਤਨਖ਼ਾਹਾਂ ਅਤੇ ਬੋਨਸ ਆਦਿ ਤੋਂ ਕਮਾਏ ਹਨ। 15 ਮਹਿਲਾ ਅਥਲੀਟ ਵਾਲੀ ਇਸ ਸੂਚੀ ਵਿੱਚ ਉਨ੍ਹਾਂ ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਕਮਾਈ ਘੱਟੋ-ਘੱਟ 50 ਲੱਖ ਅਮਰੀਕੀ ਡਾਲਰ ਹੈ। ਜੇਕਰ ਇਸੇ ਕਮਾਈ ਦੇ ਲਿਹਾਜ਼ ਨਾਲ ਪੁਰਸ਼ ਖਿਡਾਰੀਆਂ ’ਤੇ ਨਜ਼ਰ ਮਾਰੀਏ ਤਾਂ ਇਸ ਸਾਲ 50 ਲੱਖ ਅਮਰੀਕੀ ਡਾਲਰ ਦੀ ਕਮਾਈ ਕਰਨ ਵਾਲੇ 1300 ਖਿਡਾਰੀ ਹੋਣਗੇ।