ਮੁੰਬਈ, 28 ਅਕਤੂਬਰ

ਪ੍ਰੋਡਿਊਸਰ ਨਿਖਿਲ ਦਿਵੇਦੀ ਇਕ ਵਾਰ ਮੁੜ ਦਰਸ਼ਕਾਂ ਨੂੰ ਵੱਡੇ ਪਰਦੇ ’ਤੇ ‘ਇੱਛਾਧਾਰੀ ਨਾਗਿਨ’ ਦੀਆਂ ਕ੍ਰਿਸ਼ਮਈ ਸ਼ਕਤੀਆਂ ਦਿਖਾਉਣ ਆ ਰਿਹਾ ਹੈ। ‘ਨਾਗਿਨ’ ਫਿਲਮਾਂ ਦੀ ਲੜੀ ਤਹਿਤ ਆਉਣ ਵਾਲੀ ਇਸ ਤੀਜੀ ਫਿਲਮ ਵਿਚ ਕਈ ਤਰ੍ਹਾਂ ਦੇ ਵੀਡੀਓ ਗ੍ਰਾਫਿਕਸ ਦੀ ਵਰਤੋਂ ਕੀਤੀ ਜਾਵੇਗੀ। ‘ਇੱਛਾਧਾਰੀ ਨਾਗਿਨ 3’ ਦਾ ਨਿਰਦੇਸ਼ਨ ਵਿਸ਼ਾਲ ਫੁਰੀਆ ਕਰਨਗੇ। ਵਿਸ਼ਾਲ ਪਹਿਲਾਂ ਵੀ ਕਈ ਵੱਡੇ ਪ੍ਰਾਜੈਕਟ ਕਰ ਚੁੱਕੇ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ‘ਕ੍ਰਿਮੀਨਲ ਜਸਟਿਸ’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਸੀ। ਉਨ੍ਹਾਂ ਵੱਲੋਂ ਨਿਰਦੇਸ਼ਿਤ ਮਰਾਠੀ ਫਿਲਮ ‘ਲਾਪਾਛੱਪੀ’ ਸੁਪਰਹਿੱਟ ਰਹੀ ਸੀ ਅਤੇ ਇਸ ਫਿਲਮ ਨੇ ਕਈ ਐਵਾਰਡ ਜਿੱਤੇ ਸਨ। ਹੁਣ ਉਹ ਇਸ ਫ਼ਿਲਮ ਨੂੰ ਹਿੰਦੀ ਭਾਸ਼ਾ ਵਿਚ ਬਣਾ ਰਿਹਾ ਹੈ, ਜਿਸ ਦਾ ਨਾਂ ‘ਛੋਰੀ’ ਰੱਖਿਆ ਗਿਆ ਹੈ। ਨਿਖਿਲ ਦਿਵੇਦੀ ਹਿੱਟ ਫਿਲਮਾਂ ਜਿਵੇਂ ‘ਵੀਰੇ ਦੀ ਵੈਡਿੰਗ’ ਅਤੇ ‘ਦਬੰਗ 3’ ਦਾ ਪ੍ਰੋਡਿਊਸਰ ਰਹਿ ਚੁੱਕਾ ਹੈ ਅਤੇ ਹੁਣ ‘ਇੱਛਾਧਾਰੀ ਨਾਗਿਨ’ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਲਈ ਤਿਆਰ ਹੈ। ਇਸ ਫਿਲਮ ਵਿਚ ਕਈ ਵੱਡੇ ਕਲਾਕਾਰ ਕੰਮ ਕਰਨਗੇ। ਇਸ ਫਿਲਮ ਰਾਹੀਂ ਉਹ ਕੌਮਾਂਤਰੀ ਪੱਧਰ ’ਤੇ ਵੱਖਰੀ ਪਛਾਣ ਸਥਾਪਿਤ ਕਰਨਾ ਚਾਹੁੰਦਾ ਹੈ।