ਪਟਿਆਲਾ, 28 ਸਤੰਬਰ

ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਖ਼ਤਮ ਹੋ ਚੁੱਕੇ ‘ਖ਼ਾਲਿਸਤਾਨ’ ਦੇ ਮੁੱਦੇ ਨੂੰ ਉਭਾਰ ਕੇ ਦੇਸ਼ ਵਿਚ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਂ ਕਿ ਵੋਟਾਂ ਬਟੋਰੀਆਂ ਜਾ ਸਕਣ ਪਰ ਉਹ ਆਪਣੇ ਇਰਾਦੇ ਵਿੱਚ ਕਾਮਯਾਬ ਨਹੀਂ ਹੋਣਗੇ। ਸ੍ਰੀ ਗਾਂਧੀ ਨੇ ਕਿਹਾ ਕਿ ਕੈਨੇਡਾ ਦਾ ਮਾਮਲਾ ਸ੍ਰੀ ਮੋਦੀ ਨੇ ਭੜਕਾ ਕੇ ਵੱਡਾ ਬਣਾ ਦਿੱਤਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਆਸਤ ਚਮਕਦੀ ਹੈ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਕਰ‌ਦਿਆਂ ਕਾਂਗਰਸੀਆਂ ਵੱਲੋਂ ਪਟਿਆਲਾ ਤੋਂ ਟਿਕਟ ਦੇਣ ਦੀ ਚਰਚਾ ਨੂੰ ਵਿਰਾਮ ਲਾਉਂਦਿਆਂ ਕਿਹਾ ਕਿ ਉਹ ਹੁਣ ਸੰਸਦੀ ਚੋਣਾਂ ਨਹੀਂ ਲੜਨਗੇ। ਡਾ. ਗਾਂਧੀ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਦਾ ਕੈਨੇਡਾ ’ਚੋਂ ਹਿੰਦੂਆਂ ਨੂੰ ਭਜਾਉਣ ਦਾ ਬਿਆਨ ਵੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਬੁਰੀ ਤਰ੍ਹਾਂ ਇਸੇ ਕਰ ਕੇ ਪ੍ਰਚਾਰਿਆ ਗਿਆ ਤਾਂ ਕਿ ਉਹ ਹਿੰਦੂਆਂ ਨੂੰ ਸਿੱਖਾਂ ਵਿਰੁੱਧ ਭੜਕਾ ਕੇ ਭਾਜਪਾ ਨਾਲ ਜੋੜਿਆ ਜਾ ਸਕੇ ਪਰ ਹੁਣ ਲੋਕ ਭਾਜਪਾ ਦੀ ਸਿਆਸਤ ਸਮਝ ਚੁੱਕੇ ਹੈ। ਹੁਣ ਕਈ ਮੁਲਕ ਆਸਟਰੇਲੀਆ, ਬਰਤਾਨੀਆ, ਅਮਰੀਕਾ ਆਦਿ ਨੇ ਕੈਨੇਡਾ ਦੇ ਪੱਖ ਵਿਚ ਖੜ੍ਹਨ ਦਾ ਫ਼ੈਸਲਾ ਕੀਤਾ ਹੈ ਜਿਸ ਕਰ ਕੇ ਨਰਿੰਦਰ ਮੋਦੀ ਦੀ ਸਿਆਸਤ ਕੌਮਾਂਤਰੀ ਪੱਧਰ ’ਤੇ ਭਾਰਤ ਨੂੰ ਨੁਕਸਾਨ ਪਹੁੰਚਾਏਗੀ। ਡਾ. ਗਾਂਧੀ ਨੇ ‘ਇੰਡੀਆ’ ਬਾਰੇ ਕਿਹਾ ਕਿ ਇਹ ਕਾਮਯਾਬ ਗੱਠਜੋੜ ਹੈ ਜਿਸ ਨੇ 2024 ਵਿਚ ਆਪਣੀ ਸਰਕਾਰ ਬਣਾਉਣੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੈ, ਇਸ ਕਰ ਕੇ ਉਹ ਹੁਣ ਸੰਸਦ ਦੀ ਚੋਣ ਨਹੀਂ ਲੜਨਗੇ।