ਸ੍ਰੀਨਗਰ, 22 ਅਗਸਤ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਸਥਾਨਕ ਪਾਰਟੀਆਂ ਜੰਮੂ ਤੇ ਕਸ਼ਮੀਰ ਦੀਆਂ ਵੋਟਰ ਸੂਚੀਆਂ ਵਿੱਚ ‘ਗੈਰ-ਮੁਕਾਮੀ ਵੋਟਰਾਂ ਦੀ ਸ਼ਮੂਲੀਅਤ’ ਨੂੰ ਸਵੀਕਾਰ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਬਾਹਰਲੇ ਲੋਕਾਂ ਨੂੰ ਇਸ ਵਿਚ ਸ਼ਾਮਲ ਕਰਨ ਨਾਲ ਜੰਮੂ ਕਸ਼ਮੀਰ ਦੀ ਪਛਾਣ ਖ਼ਤਮ ਹੋ ਜਾਵੇਗੀ। ਇਸ ਮੁੱਦੇ ਬਾਰੇ ਆਪਣੀ ਰਿਹਾਇਸ਼ ’ਤੇ ਸੱਦੀ ‘ਸਰਬ ਪਾਰਟੀ’ ਮਗਰੋਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ਤੇ ਇਸ ਨੂੰ ਕੋਰਟ ਵਿਚ ਵੀ ਕਾਨੂੰਨੀ ਚੁਣੌਤੀ ਦਿੱਤੀ ਜਾਵੇਗੀ। ਅਬਦੁੱਲਾ ਦੀ ਉੱਚ ਸੁਰੱਖਿਆ ਵਾਲੇ ਗੁਪਕਾਰ ਇਲਾਕੇ ਵਿਚਲੀ ਰਿਹਾਇਸ਼ ’ਤੇ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਵਿਕਾਰ ਰਸੂਲ, ਸੀਪੀਐੱਮ ਆਗੂ ਐੱਮ.ਵਾਈ.ਤਾਰੀਗਾਮੀ ਤੇ ਸ਼ਿਵ ਸੈਨਾ ਆਗੂ ਮੋਜੂਦ ਸਨ। ਸੱਜਾਦ ਲੋਨ ਦੀ ਪੀਪਲਜ਼ ਕਾਨਫਰੰਸ ਤੇ ਅਲਤਾਫ਼ ਬੁਖਾਰੀ ਦੀ ਅਗਵਾਈ ਵਾਲੀ ਅਪਨੀ ਪਾਰਟੀ ਨੇ ਸਰਬ ਪਾਰਟੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ। ਉਧਰ ਭਾਜਪਾ ਨੇ ਵੀ ਨੈਸ਼ਨਲ ਕਾਨਫਰੰਸ ਵੱਲੋਂ ਸੱਦੀ ਇਸ ਮੀਟਿੰਗ ਖਿਲਾਫ਼ ਰਣਨੀਤੀ ਘੜਨ ਲਈ ਆਪਣੇ ਆਗੂਆਂ ਦੀ ਜੰਮੂ ਵਿੱਚ ਅੱਜ ਮੀਟਿੰਗ ਸੱਦੀ ਸੀ। ਭਾਜਪਾ ਨੇ ਸੋਧੀਆਂ ਹੋਈਆਂ ਵੋਟਰ ਸੂਚੀਆਂ ਵਿੱਚ ‘ਗੈਰ-ਮੁਕਾਮੀ ਵੋਟਰਾਂ’ ਦਾ ਮੁੱਦਾ ਉਛਾਲਣ ਲਈ ਐੱਨਸੀ, ਪੀਡੀਪੀ ਤੇ ਹੋਰਨਾਂ ਨੂੰ ਭੰਡਦਿਆਂ ਕਿਹਾ ਕਿ ਉਹ ਅਮਨ ਸ਼ਾਂਤੀ ਨੂੰ ਕਥਿਤ ਭੰਗ ਕਰਨ ਲਈ ਹੀ ਕੂੜ ਪ੍ਰਚਾਰ ਕਰ ਰਹੇ ਹਨ। ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ‘ਸਥਾਨਕ ਜਾਂ ਅਸਥਾਨਕ’ ਨੂੰ ਲੈ ਕੇ ਕੋਈ ਮੁੱਦਾ ਨਹੀਂ ਹੈ, ਕਿਉਂਕਿ ਸੰਵਿਧਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਉਨ੍ਹਾਂ ਪੀਡੀਪੀ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੇ ਬਾਨੀ ਯੂਪੀ ਤੋਂ ਚੋਣਾਂ ਲੜਦੇ ਰਹੇ ਹਨ।