ਮੁੰਬਈ, 21 ਅਪਰੈਲ
ਬੌਲੀਵੁੱਡ ਅਦਾਕਾਰ ਅਜੈ ਦੇਵਗਨ ਵੈੱਬ ਸੀਰੀਜ਼ ‘ਰੁਦਰ: ਦਿ ਐੱਜ ਆਫ਼ ਡਾਰਕਨੈੱਸ’ ਨਾਲ ਓਟੀਟੀ ਪਲੈਟਫਾਰਮ ’ਤੇ ਪੈਰ ਧਰਨ ਜਾ ਰਿਹਾ ਹੈ। ਇਹ ਵੈੱਬ ਸੀਰੀਜ਼ ਮਸ਼ਹੂਰ ਬ੍ਰਿਟਿਸ਼ ਵੈੱਬ ਸੀਰੀਜ਼ ‘ਲੂਥਰ’ ਦਾ ਰੀਮੇਕ ਹੈ, ਜੋ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਅਜੈ ਇਸ ਫਿਲਮ ਵਿੱਚ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾ ਰਿਹਾ ਹੈ। ਅਜੈ ਨੇ ਕਿਹਾ, ‘ਮੇਰੀ ਕੋਸ਼ਿਸ਼ ਹਮੇਸ਼ਾ ਤੋਂ ਹੀ ਵਿਲੱਖਣ ਕਹਾਣੀਆਂ ਪੇਸ਼ ਕਰਨ ਅਤੇ ਚੰਗੇ ਹੁਨਰਮੰਦ ਲੋਕਾਂ ਨਾਲ ਕੰਮ ਕਰਨ ਦੀ ਰਹੀ ਹੈ। ਇਸ ਪਿੱਛੇ ਮੁੱਖ ਵਿਚਾਰ ਭਾਰਤ ਵਿੱਚ ਮਨੋਰੰਜਨ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ ਹੈ। ਡਿਜੀਟਲ ਦੁਨੀਆਂ ਮੈਨੂੰ ਰੋਮਾਂਚਕ ਕਰਦੀ ਹੈ।’ ਦੱਸਣਯੋਗ ਹੈ ਕਿ ਹੌਟਸਟਾਰ ਦੀ ਇਸ ਵਿਸ਼ੇਸ਼ ਸੀਰੀਜ਼ ਦੀ ਸ਼ੂਟਿੰਗ ਮੁੰਬਈ ਦੀਆਂ ਕਈ ਮਸ਼ਹੂਰ ਥਾਵਾਂ ’ਤੇ ਹੋਵੇਗੀ। ਇਹ ਵੈੱਬ ਸੀਰੀਜ਼ ਇਸ ਸਾਲ ਦੇ ਅਖ਼ੀਰ ’ਚ ਡਿਜ਼ਨੀ+ਹੌਟਸਟਾਰ ਵੀਆਈਪੀ ਅਤੇ ਡਿਜ਼ਨੀ+ਹੌਟਸਟਾਰ ਪ੍ਰੀਮੀਅਮ ’ਤੇ ਜਾਰੀ ਹੋਵੇਗੀ।