ਲਖਨਊ, 19 ਜਨਵਰੀ

ਵੈਬ ਸੀਰੀਜ਼ ‘ਤਾਂਡਵ’ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਲਖਨਊ ਦੇ ਹਜ਼ਰਤਗੰਜ ਥਾਣੇ ’ਚ ਇਸ ਦੇ ਨਿਰਮਾਤਾ-ਨਿਰਦੇਸ਼ਕ, ਲੇਖਕ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਆ ਓਰਿਜਨਲ ਕੰਟੈਂਟ (ਅਮੇਜ਼ਨ) ਦੀ ਮੁਖੀ ਅਪਰਨਾ ਪੁਰੋਹਿਤ, ਡਾਇਰੈਕਟਰ ਅਲੀ ਅੱਬਾਸ ਜ਼ਫਰ, ਨਿਰਮਾਤਾ ਹਿਮਾਂਸ਼ੂ ਕ੍ਰਿਸ਼ਨ ਮਹਿਰਾ, ਲੇਖਕ ਗੌਰਵ ਸੋਲੰਕੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਜ਼ਰਤਗੰਜ ਦੇ ਸੀਨੀਅਰ ਸਬ ਇੰਸਪੈਕਟਰ ਅਮਰਨਾਥ ਯਾਦਵ ਨੇ ਇਸ ਸਬੰਧੀ ਕੇਸ ਦਰਜ ਕਰਵਾਇਆ ਹੈ। ਥਾਣੇ ’ਚ ਲੰਘੀ ਰਾਤ ਦਰਜ ਕੀਤੇ ਗਏ ਕੇਸ ’ਚ ਕਿਹਾ ਗਿਆ ਹੈ ਕਿ ਵੈੱਬ ਸੀਰੀਜ਼ ਦੇ ਪਹਿਲੇ ਐਪੀਸੋਡ ’ਚ ਹਿੰਦੂ ਦੇਵੀ ਦੇਵਤਾਵਾਂ ਦਾ ਗਲਤ ਚਿੱਤਰਣ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ’ਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਜਿਸ ਕਾਰਨ ਲੋਕਾਂ ’ਚ ਗੁੱਸਾ ਹੈ।ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲੀਸ ਨੇ ਵੈੱਬ ਸੀਰੀਜ਼ ਦੇ ਨਿਰਮਾਤਾ-ਨਿਰਦੇਸ਼ਕ, ਲੇਖਕ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।  ਅਯੋਧਿਆ ਦੇ ਸੰਤਾਂ ਨੇ ਵੀ ਵੈੱਬ ਸੀਰੀਜ਼ ‘ਤਾਂਡਵ’ ਖ਼ਿਲਾਫ਼ ਆਵਾਜ਼ ਉਠਾਈ ਹੈ। ਤਪੱਸਵੀ ਛਾਉਣੀ ਤੇ ਮਹੰਤ ਪਰਮਹੰਸ ਦਾਸ ਨੇ ਵੈੱਬ ਸੀਰੀਜ਼ ’ਤੇ ਰੋਕ ਲਗਾਉਣ ਸਮੇਤ ਕਲਾਕਾਰਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵੈੱਬ ਸੀਰੀਜ਼ ’ਚ ਭਗਵਾਨ ਰਾਮ ਅਤੇ ਭਾਗਵਾਨ ਸ਼ਿਵ ਦਾ ਅਪਮਾਨ ਕੀਤਾ ਗਿਆ ਹੈ। ਇਸ ਨੇ ਹਿੰਦੂ ਧਰਮ ਨੂੰ ਠੇਸ ਪਹੁੰਚਾਈ ਹੈ। ਹਨੂੰਮਾਨ ਗੜ੍ਹੀ ਦੇ ਮਹੰਤ ਰਾਜੂ ਦਾਸ ਨੇ ਵੈੱਬ ਸੀਰੀਜ਼ ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਅਯੋਧਿਆ ਦੇ ਮਹੰਤ ਆਪਣਾ ‘ਤਾਂਡਵ’ ਆਰੰਭ ਕਰਨਗੇ।