ਲਾਡਰੇਹਿਲ, ਬੰਗਲਾਦੇਸ਼ ਨੇ ਮੀਂਹ ਤੋਂ ਪ੍ਰਭਾਵਿਤ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਵੈਸਟ ਇੰਡੀਜ਼ ਨੂੰ ਡੈਕਵਰਥ ਲੂਈਸ ਪ੍ਰਣਾਲੀ ਦੇ ਆਧਾਰ ’ਤੇ 19 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਜਿੱਤ ਲਈ ਹੈ। ਆਂਦਰੇ ਰਸੇਲ ਨੇ 21 ਗੇਂਦਾਂ ਵਿੱਚ ਛੇ ਛੱਕਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪੰਜ ਵਿਕਟਾਂ ’ਤੇ 184 ਦੌੜਾਂ ਬਣਾਈਆਂ ਸਨ।
ਰਸੇਲ 18ਵੇਂ ਓਵਰ ਵਿੱਚ ਮੁਸਤਾਫ਼ਿਜ਼ੁਰ ਰਹਿਮਾਨ ਦੀ ਗੇਂਦ ’ਤੇ ਆਊਟ ਹੋਇਆ। ਇਸ ਮਗਰੋਂ ਕੈਰੇਬਿਆਈ ਟੀਮ ਦੀ ਹਾਰ ਤੈਅ ਹੋ ਗਈ। ਰਸੇਲ ਦੇ ਆਊਟ ਹੋਣ ਸਮੇਂ ਸਕੋਰ 17.1 ਓਵਰ ਵਿੱਚ ਸੱਤ ਵਿਕਟਾਂ ’ਤੇ 135 ਦੌੜਾਂ ਸੀ। ਇਸ ਦੌਰੇ ਦੌਰਾਨ ਦੋਵੇਂ ਟੈਸਟਾਂ ਵਿੱਚ ਹਾਰੀ ਬੰਗਲਾਦੇਸ਼ੀ ਟੀਮ ਨੇ ਇੱਕ ਰੋਜ਼ਾ ਲੜੀ ਵੀ 2-1 ਨਾਲ ਜਿੱਤੀ ਸੀ।
ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣਨ ਮਗਰੋਂ ਬੰਗਲਾਦੇਸ਼ ਲਈ ਲਿਟਨ ਦਾਸ ਨੇ 61 ਦੌੜਾਂ ਬਣਾਈਆਂ। ‘ਮੈਨ ਆਫ ਦਿ ਮੈਚ’ ਚੁਣੇ ਗਏ ਦਾਸ ਨੇ ਤਾਮਿਮ ਇਕਬਾਲ ਨਾਲ ਸ਼ੁਰੂਆਤੀ ਸਾਂਝੇਦਾਰੀ ਵਿੱਚ ਸਿਰਫ਼ 28 ਗੇਂਦਾਂ ’ਤੇ 61 ਦੌੜਾਂ ਬਣਾਈਆਂ। ਕਪਤਾਨ ਕਾਰਲੋਸ ਬ੍ਰੈਥਵੇਟ ਨੇ 21 ਦੇ ਸਕੋਰ ’ਤੇ ਤਾਮਿਮ ਦੀ ਵਿਕਟ ਲੈ ਕੇ ਬੰਗਲਾਦੇਸ਼ੀ ਦੌੜਾਂ ’ਤੇ ਰੋਕ ਲਾਈ। ਇਸ ਮਗਰੋਂ ਕੀਮੋ ਪਾਲ ਨੇ ਸੌਮਿਆ ਸਰਕਾਰ ਨੂੰ ਆਊਟ ਕੀਤਾ।